ਮੁੱਖ ਮੰਤਰੀ ਨੇ ਪੁਲਿਸ ਨੂੰ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਹੁਕਮ, 11 ਸ਼ੱਕੀ ਹਿਰਾਸਤ ‘ਚ ਲਏ
ਮੁਹਾਲੀ, 10 ਮਈ – (ਪੰਜਾਬ ਡਾਇਰੀ) ਮੁਹਾਲੀ ਵਿੱਚ ਹਮਲੇ ਦੀ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੰਗਲਵਾਰ ਨੂੰ ਉਨ੍ਹਾਂ ਨੇ ਇਸ ਮਾਮਲੇ ‘ਚ ਡੀਜੀਪੀ ਅਤੇ ਹੋਰ ਖੁਫੀਆ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। ਭਗਵੰਤ ਮਾਨ ਨੇ ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਸ਼ਾਮ ਤੱਕ ਸਥਿਤੀ ਹੋਰ ਸਪੱਸ਼ਟ ਹੋ ਜਾਵੇਗੀ। ਵੱਡੇ ਪੱਧਰ ਉਤੇ ਜਾਂਚ ਜਾਰੀ ਹੈ। ਮੋਹਾਲੀ ‘ਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਸੋਹਾਣਾ ਪੁਲਿਸ ਸਟੇਸ਼ਨ ‘ਚ ਐੱਫ.ਆਈ.ਆਰ. ਐਸਆਈ ਬਲਕਾਰ ਸਿੰਘ ਦੇ ਬਿਆਨਾਂ ਉਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 307 ਆਈਪੀਸੀ, 16 ਯੂਏਪੀਏ ਅਤੇ 03 ਵਿਸਫੋਟਕ ਪਦਾਰਥ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਮੁਹਾਲੀ ਪੰਜਾਬ ਇੰਟੈਲੀਜੈਂਸ ਬਿਲਡਿੰਗ ਧਮਾਕੇ ਦੇ ਸਬੰਧ ਵਿੱਚ 11 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੰਜਾਬ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ 11 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਫਿਲਹਾਲ ਪੰਜਾਬ ਪੁਲਿਸ ਅਤੇ ਹੋਰ ਖੁਫੀਆ ਏਜੰਸੀਆਂ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੋਹਾਲੀ ‘ਚ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਦੇ ਦਫਤਰ ‘ਤੇ ਹੋਏ ਹਮਲੇ ਤੋਂ ਬਾਅਦ ਪੂਰਾ ਪੰਜਾਬ ਹਾਈ ਅਲਰਟ ‘ਤੇ ਹੈ। ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੇਰੇ ਡੀਜੀਪੀ ਸਮੇਤ ਸਾਰੇ ਵੱਡੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਇਸ ਦੇ ਨਾਲ ਹੀ NIA ਦੀ ਟੀਮ ਵੀ ਮਾਮਲੇ ਦੀ ਜਾਂਚ ਲਈ ਮੋਹਾਲੀ ਆ ਰਹੀ ਹੈ।
ਸੋਮਵਾਰ ਰਾਤ ਮੋਹਾਲੀ ‘ਚ ਪੰਜਾਬ ਇੰਟੈਲੀਜੈਂਸ ਦੇ ਦਫਤਰ ‘ਤੇ ਚੱਲਦੀ ਕਾਰ ‘ਚੋਂ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਪੁਲਿਸ ਸੂਤਰਾਂ ਮੁਤਾਬਕ ਹਮਲਾਵਰ ਸਵਿਫਟ ਕਾਰ ‘ਚ ਆਏ ਸਨ ਤੇ ਚੱਲਦੀ ਕਾਰ ਨਾਲ ਹੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਸੀ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਦੇ ਨਾਲ ਹੀ ਰਾਕੇਟ ਲਾਂਚਰ ਤੋਂ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੁਹਾਲੀ ਹੀ ਨਹੀਂ ਟਰਾਈਸਿਟੀ ਦੇ ਅਧਿਕਾਰੀ ਵੀ ਹਰਕਤ ਵਿੱਚ ਆ ਗਏ। ਐਸਐਸਪੀ ਚੰਡੀਗੜ੍ਹ ਕੁਲਦੀਪ ਸਿੰਘ ਚਾਹਲ, ਐਸਐਸਪੀ ਮੁਹਾਲੀ ਵਿਵੇਕਸ਼ੀਲ ਸੋਨੀ ਨੇ ਮੌਕੇ ਉਤੇ ਪਹੁੰਚ ਕੇ ਸਾਰੇ ਤੱਥਾਂ ਦੀ ਪੜਤਾਲ ਕੀਤੀ।
ਸੀਐਮ ਭਗਵੰਤ ਮਾਨ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਟਵੀਟ ਕੀਤਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਡੀਜੀਪੀ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੀਨੀਅਰ ਅਧਿਕਾਰੀ ਵੱਲੋਂ ਜਾਂਚ ਜਾਰੀ ਹੈ। ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ।