ਮੁੱਖ ਮੰਤਰੀ ਭਗਵੰਤ ਮਾਨ ਨੂੰ ਗੋਲਕਾਂ ‘ਤੇ ਬਿਆਨ ਦੇਣ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤਾ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਹੈ। ਰਿਪੋਰਟਾਂ ਅਨੁਸਾਰ, ਮੁੱਖ ਮੰਤਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕਾਂ ‘ਤੇ ਬਿਆਨ ਦੇਣ ਲਈ ਵਾਰ-ਵਾਰ ਤਲਬ ਕੀਤਾ ਗਿਆ ਹੈ।

ਸ੍ਰੀ ਅਮ੍ਰਿਤਸਰ ਸਾਹਿਬ- ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਨੂੰ ਵਾਰ-ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਬਾਰੇ ਬਿਆਨ ਦੇਣ ਦੇ ਮਾਮਲੇ ‘ਚ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ 15 ਜਨਵਰੀ ਨੂੰ ਨਿੱਜੀ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸਿੱਖ ਸ਼ਰਧਾਲੂ ਸਰਬਜੀਤ ਕੌਰ ਅਤੇ ਉਸ ਦਾ ਪਾਕਿਸਤਾਨੀ ਪਤੀ ਨਨਕਾਣਾ ਸਾਹਿਬ ਵਿੱਚ ਗ੍ਰਿਫ਼ਤਾਰ
”ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਭੱਜ ਰਹੀ ਮਾਨ ਸਰਕਾਰ”
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਰਗਾੜੀ ਕਾਂਡ ‘ਚ ਪ੍ਰਦੀਪ ਕਲੇਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਪਰੀਮ ਕੋਰਟ ‘ਚ ਪੇਸ਼ੀ ਦੌਰਾਨ ਸਰਕਾਰ ਦਾ ਕੋਈ ਵਕੀਲ ਪੇਸ਼ ਨਹੀਂ ਹੋਇਆ। ਜਦਕਿ ਸਪੀਕਰ ਸੰਧਾਵਾ ਦਾ ਕਹਿਣਾ ਸੀ 24 ਘੰਟਿਆਂ ‘ਚ ਬੇਅਦਬੀ ਦੋਸ਼ੀਆਂ ਨੂੰ ਇਨਸਾਫ਼ ਦੇਵਾਂਗੇ , ਪਰ ਅੱਜ 4 ਸਾਲ ਹੋ ਗਏ ਹਨ, ਧਰਨਾ ਵੀ ਚੁਕਵਾਇਆ ਗਿਆ, ਪਰੰਤੂ ਇਨਸਾਫ਼ ਨਹੀਂ ਦਿੱਤਾ ਗਿਆ। ਨਾਲ ਹੀ ਮੌੜ ਬੰਬ ਕਾਂਡ ਦੇ ਮੁਲਜ਼ਮ ਵੀ ਹੁਣ ਤੱਕ ਨਹੀਂ ਫੜੇ ਗਏ, ਜਦਕਿ ਉਸਦਾ ਸਿੱਧਾ ਲਿੰਕ ਡੇਰਾ ਸਿਰਸਾ ਮੁਖੀ ਨਾਲ ਹੈ। ਨਾ ਹੀ ਪੰਜਾਬ ਸਰਕਾਰ ਬੇਅਦਬੀ ਮਾਮਲੇ ‘ਚ ਸੁਪਰੀਮ ਕੋਰਟ ਪੇਸ਼ ਹੋ ਰਹੀ ਹੈ।
ਜਥੇਦਾਰ ਸਾਹਿਬ ਨੇ ਕਿਹਾ ਕਿ ਪਿਛਲੇ ਦਿਨੀ CM ਮਾਨ ਨੇ ਸ੍ਰੀ ਅਕਾਲ ਤਖ਼ਤ ਦੀ ਰਹਿਤ ਮਾਰਿਆਦਾ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਹਿਤ ਮਾਰਿਆਦਾ 100 ਸਾਲ ਪਹਿਲਾਂ ਬਣੀ ਹੈ, ਜਿਸ ਨੂੰ 30 ਸਾਲ ਦਾ ਸਮਾਂ ਲੱਗਿਆ ਸੀ। ਉਨ੍ਹਾਂ ਕਿਹਾ ਕਿ CM ਮਾਨ ਨੇ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ‘ਚ ਪੈਸੇ ਪਾਉਣ ਨੂੰ ਲੈ ਕੇ ਵੀ ਕਈ ਵਾਰ ਨਿਸ਼ਾਨਾ ਬਣਾ ਕੇ ਬਿਆਨ ਦਿੱਤੇ। ਨਾਲ ਹੀ ਦਸਵੰਧ ਨੂੰ ਵੀ ਚੁਣੌਤੀ ਦਿੱਤੀ।
ਭਗਵੰਤ ਮਾਨ ਖਿਲਾਫ਼ ਪਹੁੰਚੀਆਂ ਵੀਡੀਓਜ਼ : ਜਥੇਦਾਰ ਗੜਗੱਜ
ਜਥੇਦਾਰ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਕਈ ਵੀਡੀਓਜ਼ ਨੂੰ ਲੈ ਕੇ ਉਨ੍ਹਾਂ ਕੋਲ ਸ਼ਿਕਾਇਤਾਂ ਵੀ ਪੁੱਜੀਆਂ ਹਨ, ਜੋ ਕਿ ਕਈ ਵੱਡੇ-ਵੱਡੇ ਲੋਕਾਂ ਵੱਲੋਂ ਕੀਤੀਆਂ ਗਈਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਕਥਿਤ ਤੌਰ ‘ਤੇ ਭਗਵੰਤ ਮਾਨ ਦੇ ਸ਼ਰਾਬ ਪੀਣ ਅਤੇ 10 ਗੁਰੂ ਸਾਹਿਬਾਨ ਦੀਆਂ ਤਸਵੀਰਾਂ ‘ਤੇ ਦਾਰੂ ਦੇ ਛਿੱਟੇ ਮਾਰਨ ਦੇ ਦ੍ਰਿਸ਼ ਵਿਖਾਈ ਦਿੱਤੇ ਹਨ। ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ‘ਤੇ ਵੀ ਕੋਝੀ ਹਰਕਤ ਕੀਤੀ ਗਈ। ਇਹ ਅਤਿ ਘਟੀਆ ਕਾਰਵਾਈ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਜੋ ਵੀ ਵੀਡੀਓਜ਼ ਹਨ, ਇਨ੍ਹਾਂ ਦੀ ਸਖਤ ਤੋਂ ਸਖਤ ਜਾਂਚ ਕੀਤੀ ਜਾਵੇਗੀ ਅਤੇ ਸਖਤ ਕਾਰਵਾਈ ਕਰਾਂਗੇ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਸਿੱਖ ਮਾਣ-ਸਨਮਾਨ ਨੂੰ ਚੁਣੌਤੀ ਦੇਣ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਰਾਮ ਰਹੀਮ 15ਵੀਂ ਵਾਰ ਜੇਲ੍ਹ ਤੋਂ ਆਇਆ ਬਾਹਰ, ਕਾਫਲੇ ਨਾਲ ਸਿਰਸਾ ਡੇਰੇ ਲਈ ਰਵਾਨਾ
”ਗਾਇਕ ਜੱਸੀ ਦੇ ਹੱਕ ‘ਚ ਸੀਐਮ ਨੇ ਚੁੱਕੇ ਸਨ ਸਵਾਲ”
ਦੱਸ ਦਈਏ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ (Jasbir Jassi) ਨੇ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਕੀਰਤਨ ਕੀਤਾ ਸੀ, ਜਿਸ ‘ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਇਤਰਾਜ਼ ਜਤਾਇਆ ਸੀ। ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗਾਇਕ ਦੇ ਹੱਕ ਵਿੱਚ ਬਿਆਨ ਦਿੰਦਿਆਂ ਕਿਹਾ ਸੀ ਕਿ ਪਰਮਾਤਮਾ ਦਾ ਨਾਂ ਜਪਣ ਲਈ ਸਾਨੂੰ ਕਿਸੇ ਦੀ ਇਜਾਜਤ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਦੇ ਸਵਾਲ ਚੁੱਕਣ ਵਾਲੇ ਇਹ ਕੌਣ ਹੁੰਦੇ ਹਨ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


