ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਸੌਂਪਿਆ 1 ਕਰੋੜ ਰੁਪਏ ਦਾ ਚੈੱਕ
ਮਾਨਸਾ, 16 ਅਕਤੂਬਰ (ਰੋਜਾਨਾ ਸਪੋਕਸਮੈਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਹੱਦ ‘ਤੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ। ਘਰ ਪਹੁੰਚ ਕੇ ਉਨ੍ਹਾਂ ਨੇ ਸ਼ਹੀਦ ਦੇ ਪ੍ਰਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪ੍ਰਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ। ਦੋ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਨੂੰ ਗਾਰਡ ਆਫ ਆਨਰ ਨਾ ਦਿਤੇ ਜਾਣ ਮਗਰੋਂ ਸ਼ਹੀਦ ਦੇ ਪ੍ਰਵਾਰ ਲਈ 1 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਸੀ। ਪੀੜਤ ਪ੍ਰਵਾਰ ਨੂੰ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਾਨ ਵਾਪਸ ਨਹੀਂ ਲਿਆ ਸਕਦੇ, ਪਰ ਇਸ ਰਾਸ਼ੀ ਨਾਲ ਪ੍ਰਵਾਰ ਨੂੰ ਆਰਥਕ ਪੱਖੋਂ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ 6 ਮਹੀਨਿਆਂ ਵਿਚ ਮਿਲਟਰੀ ਪੱਧਰ ਦੀ ਸਿਖਲਾਈ ਕਿਵੇਂ ਦਿਤੀ ਜਾ ਸਕਦੀ ਹੈ।? ਇਕ ਪਟਵਾਰੀ ਦੀ ਡੇਢ ਸਾਲ ਦੀ ਟਰੇਨਿੰਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਵਿਚ 6 ਮਹੀਨੇ ਦੀ ਸਿਖਲਾਈ ਮਗਰੋਂ ਫਿਰ ਸਾਢੇ ਤਿੰਨ ਸਾਲ ਬਾਅਦ ਕਹਿਣਗੇ ਕਿ ਨੌਕਰੀ ਪੂਰੀ ਹੋ ਗਈ।
ਮੁੱਖ ਮੰਤਰੀ ਨੇ ਦਸਿਆ ਕਿ ਸ਼ਹੀਦ ਅੰਮ੍ਰਿਤਪਾਲ ਦੇ ਪਿਤਾ ਦੇ ਮਨ ਵਿਚ ਗੁੱਸਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਤਾ ਗਿਆ। ਪਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਅਗਨੀਵੀਰ ਬਾਰੇ ਪਤਾ ਵੀ ਨਹੀਂ ਸੀ। ਉਨ੍ਹਾਂ ਨੇ ਤਾਂ ਅਪਣੇ ਪੁੱਤਰ ਨੂੰ ਫ਼ੌਜ ਵਿਚ ਭੇਜਿਆ ਸੀ। ਸਰਕਾਰ ਵਲੋਂ ਉਸ ਨੂੰ ਉਹੀ ਫ਼ੌਜ ਦੀ ਵਰਦੀ ਦਿਤੀ ਗਈ ਜੋ ਬਾਕੀਆਂ ਨੂੰ ਦਿਤੀ ਜਾਂਦੀ ਸੀ ਅਤੇ ਹਥਿਆਰ ਵੀ ਉਹੀ ਦਿਤੇ ਪਰ ਜਵਾਨਾਂ ਦੀਆਂ ਸ਼ਹੀਦੀਆਂ ਵਿਚ ਫਰਕ ਪਾ ਦਿਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਭ ਨੀਤੀਆਂ ਬਣਾਉਣ ਵਾਲਿਆਂ ਦਾ ਕੰਮ ਹੈ। ਜਿਨ੍ਹਾਂ ਨੂੰ ਸ਼ਹਾਦਤ ਦਾ ਹੀ ਨਹੀਂ ਪਤਾ। ਮੈਂ ਰੱਖਿਆ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਕੋਲ ਮਸਲਾ ਚੁੱਕਾਂਗਾ। ਰੱਖਿਆ ਮੰਤਰਾਲੇ ਕੋਲ 60 ਫ਼ੀ ਸਦੀ ਫੰਡ ਹੈ ਪਰ ਸਰਹੱਦ ਦੀ ਰਾਖੀ ਕਰਨ ਵਾਲਿਆਂ ਲਈ ਵੀ ਸਮਝੌਤੇ ਕੀਤੇ ਗਏ ਹਨ।ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਫ਼ੌਜ ਨੂੰ ਇਸ ਘਟਨਾ ਨੂੰ ਖੁਦਕੁਸ਼ੀ ਨਾ ਕਹਿਣ ਦੀ ਸਲਾਹ ਦਿਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਹਿ ਕੇ ਅਗਨੀਵੀਰ ਅਤੇ ਨੌਜਵਾਨਾਂ ਦਾ ਮਨੋਬਲ ਨਾ ਤੋੜੋ। ਅੰਮ੍ਰਿਤਪਾਲ 7 ਭੈਣਾਂ ਦੀ ਜ਼ਿੰਮੇਵਾਰੀ ਚੁੱਕ ਰਿਹਾ ਸੀ। ਸਾਰਾ ਪ੍ਰਵਾਰ ਉਸ ਦੇ ਮੋਢਿਆਂ ‘ਤੇ ਸੀ। ਇਕ ਭੈਣ ਦਾ ਵਿਆਹ ਰੱਖਿਆ ਹੋਇਆ ਸੀ।