ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ, 1 ਜੁਲਾਈ ਤੋਂ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ
ਚੰਡੀਗੜ੍ਹ, (ਪੰਜਾਬ ਡਾਇਰੀ) 16 ਅਪ੍ਰੈਲ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਹਰ ਘਰ ਨੂੰ ਪ੍ਰਤੀ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਮੁੱਖ ਮੰਤਰੀ ਨੇ ਅੱਜ ਬਿਜਲੀ ਨਿਗਮ ਵਿੱਚ ਭਰਤੀ 718 ਕਰਮਚਾਰੀਆਂ ਨੂੰ ਨਿਯਕਤੀ ਪੱਤਰ ਦੇਣ ਤੋਂ ਬਾਅਦ ਕੀਤਾ। ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਿੱਚ ਕੋਈ ਕੈਟਾਗਿਰੀ ਨਹੀਂ ਹੋਵੇਗੀ। ਗਰੀਬ ਤੋਂ ਲੈ ਕੇ ਅਮੀਰ ਪਰਿਵਾਰਾਂ ਨੂੰ ਦੋ ਮਹੀਨੇ ਵਿੱਚ 600 ਯੂਨਿਟ ਫ੍ਰੀ ਬਿਜਲੀ ਮਿਲੇਗੀ। ਜਿਸ ਪਰਿਵਾਰ ਦਾ ਬਿੱਲ 2 ਮਹੀਨੇ ਵਿੱਚ 6 ਯੂਨਿਟ ਤੋਂ ਵੱਧ ਆਵੇਗਾ, ਉਸ ਨੂੰ ਪੂਰਾ ਬਿੱਲ ਦੇਣਾ ਪਵੇਗਾ। ਹਾਲਾਂਕਿ ਪਹਿਲਾਂ ਤੋਂ 200 ਯੂਨਿਟ ਛੋਟ ਲੈ ਰਹੇ ਐੱਸ.ਸੀ., ਬੀ.ਸੀ. ਅਤੇ ਗਰੀਬੀ ਰੇਖਾ ਤੋਂ ਹੇਠਾਂ ਬੀ.ਪੀ.ਐੱਲ. ਪਰਿਵਾਰਾਂ ਨੂੰ ਹੁਣ ਹਰ ਮਹੀਨੇ 300 ਯੂਨਿਟ ਬਿਜਲੀ ਫ੍ਰੀ ਮਿਲੇਗੀ। ਉਸ ਦੇ ਉੱਪਰ ਉਹ ਜਿੰਨੀ ਵੀ ਬਿਜਲੀ ਖਰਚ ਕਰਨਗੇ, ਉਨ੍ਹਾਂ ਨੂੰ ਸਿਰਫ ਉਸ ਦਾ ਹੀ ਬਿੱਲ ਦੇਣਾ ਪਵੇਗਾ। ਮਤਲਬ ਉਨ੍ਹਾਂ ਨੂੰ ਪੂਰਾ ਬਿੱਲ ਨਹੀਂ ਭਰਨਾਂ ਪਵੇਗਾ। ਮਾਨ ਨੇ ਕਿਹਾ ਕਿ ਕਿਸੇ ਵੀ ਸਰਕਾਰ ਕੋਲ ਪੈਸਿਆਂ ਦੀ ਕਮੀ ਨਹੀਂ ਹੁੰਦੀ ਸਿਰਫ ਨੀਅਤ ਸਾਫ ਹੋਣੀ ਚਾਹੀਦੀ ਹੈ।