ਮੁੱਖ ਮੰਤਰੀ ਯੋਗੀ ਸਣੇ ਕਈ ਭਾਜਪਾ ਆਗੂਆਂ ਦੇ X ਅਕਾਊਂਟ ਤੋਂ ਗੋਲਡਨ ਟਿੱਕ ਹਟਿਆ, ਪ੍ਰੋਫਾਈਲ ਫੋਟੋ ’ਤੇ ਲਗਾਇਆ ਸੀ ਤਿਰੰਗਾ
ਨਵੀਂ ਦਿੱਲੀ, 14 ਅਗਸਤ (ਰੋਜਾਨਾ ਸਪੋਕਸਮੈਨ)- ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿਟਰ) ਤੋਂ ਯੋਗੀ ਆਦਿਤਿਆਨਾਥ ਸਮੇਤ ਪੰਜ ਭਾਜਪਾ ਮੁੱਖ ਮੰਤਰੀਆਂ ਦੇ ਖਾਤੇ ਤੋਂ ਗੋਲਡਨ ਟਿੱਕ ਹਟਾ ਦਿਤਾ ਗਿਆ। ਦਰਅਸਲ ਇਨ੍ਹਾਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਅਪਣੀ ਪ੍ਰੋਫਾਈਲ ਤਸਵੀਰ ਹਟਾ ਕੇ ਤਿਰੰਗੇ ਦੀ ਤਸਵੀਰ ਲਗਾਈ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ 11 ਅਗਸਤ 2023 ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ ਉਨ੍ਹਾਂ ਨੇ ਲੋਕਾਂ ਨੂੰ ਅਪਣੇ ਸੋਸ਼ਲ ਮੀਡੀਆ ਪ੍ਰੋਫਾਈਲ ‘ਤੇ ਤਿਰੰਗੇ ਦੀ ਤਸਵੀਰ ਲਗਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਭਾਜਪਾ ਦੇ ਕਈ ਨੇਤਾਵਾਂ ਨੇ ਆਪਣੀ ਡੀ.ਪੀ. ਬਦਲੀ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਗੋਆ ਦੇ ਸੀ.ਐਮ. ਪ੍ਰਮੋਦ ਸਾਵੰਤ, ਮੱਧ ਪ੍ਰਦੇਸ਼ ਦੇ ਸੀ.ਐਮ. ਸ਼ਿਵਰਾਜ ਸਿੰਘ ਚੌਹਾਨ ਅਤੇ ਉਤਰਾਖੰਡ ਦੇ ਸੀ.ਐਮ. ਪੁਸ਼ਕਰ ਸਿੰਘ ਧਾਮੀ, ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਵੀ ਅਪਣੀ ਪ੍ਰੋਫਾਈਲ ਫੋਟੋ ਬਦਲਣ ਤੋਂ ਬਾਅਦ ਗੋਲਡਨ ਟਿੱਕ ਵੈਰੀਫਿਕੇਸ਼ਨ ਮਾਰਕ ਗੁਆ ਦਿਤਾ ਹੈ।
ਦਰਅਸਲ, ਐਕਸ ਐਪ ਦੀ ਨੀਤੀ ਕਾਰਨ ਅਜਿਹਾ ਹੋਇਆ ਹੈ। ਪਾਲਿਸੀ ਦੇ ਅਨੁਸਾਰ, ਇਕ ਉਪਭੋਗਤਾ ਸਿਰਫ ਅਸਲੀ ਨਾਂਅ ਅਤੇ ਅਸਲੀ ਫੋਟੋ ਦੇ ਨਾਲ ਹੀ ਵੈਰੀਫਾਈ ਅਕਾਊਂਟ ਚਲਾ ਸਕਦਾ ਹੈ। ਹਰ ਘਰ ਤਿਰੰਗਾ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਪਣੀ ਪ੍ਰੋਫਾਈਲ ਫੋਟੋ ਬਦਲ ਕੇ ਤਿਰੰਗਾ ਲਹਿਰਾਇਆ ਹੈ। ਹਾਲਾਂਕਿ ਉਨ੍ਹਾਂ ਦਾ ਗਰੇ ਟਿਕ ਨਹੀਂ ਹਟਾਇਆ ਗਿਆ। ਪਾਲਿਸੀ ਦੇ ਮੁਤਾਬਕ ਹੁਣ ਐਕਸ ਮੈਨੇਜਮੈਂਟ ਇਨ੍ਹਾਂ ਨੇਤਾਵਾਂ ਦੇ ਪ੍ਰੋਫਾਈਲ ਦੀ ਦੁਬਾਰਾ ਸਮੀਖਿਆ ਕਰੇਗੀ। ਜੇਕਰ ਸੱਭ ਕੁੱਝ ਦਿਸ਼ਾ-ਨਿਰਦੇਸ਼ਾਂ ਅਧੀਨ ਹੋਇਆ ਤਾਂ ਇਨ੍ਹਾਂ ਦੇ ਟਿੱਕ ਵਾਪਸ ਆ ਜਾਣਗੇ।