ਮੂਸੇਵਾਲਾ ਕਤਲ ਕੇਸ ‘ਚ ਮੁਲਜ਼ਮਾਂ ਦੀ ਨਹੀਂ ਹੋਈ ਮਾਨਸਾ ਕੋਰਟ ‘ਚ ਪੇਸ਼ੀ, 27 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
ਮਾਨਸਾ, 12 ਜੁਲਾਈ (ਡੇਲੀ ਪੋਸਟ ਪੰਜਾਬੀ)- ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੀ ਅੱਜ ਮਾਨਸਾ ਕੋਰਟ ਵਿਚ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋਣੀ ਸੀ। ਗੈਂਗਸਟਰ ਲਾਰੈਂਸ, ਜੱਗੂ ਭਗਵਾਨਪੁਰੀਆ, ਅੰਕਿਤ ਸਿਰਸਾ, ਸੰਦੀਪ ਕੇਕੜਾ, ਪ੍ਰਿਯਵਰਤ ਫੌਜੀ, ਕੇਸ਼ਵ, ਦੀਪਕ ਟੀਨੂੰ, ਰਾਜੇਂਦਰ ਜੋਕਰ ਸਣੇ ਹੋਰ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਾਣਾ ਸੀ ਪਰ ਉਨ੍ਹਾਂ ਨੂੰ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਤੇ ਫ਼ਿਜ਼ੀਕਲ ਤੌਰ ‘ਤੇ ਪੇਸ਼ ਨਹੀਂ ਕੀਤਾ ਗਿਆ।ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 27 ਜੁਲਾਈ ਨੂੰ ਪੇਸ਼ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਮੁਲਜ਼ਮ ਨੂੰ ਅੱਜ ਕੋਰਟ ਵਿਚ ਪੇਸ਼ ਨਹੀਂ ਕੀਤਾ ਗਿਆ ਤੇ ਹੁਣ ਅਗਲੀ ਤਰੀਕ 27 ਜੁਲਾਈ ਨਿਸ਼ਚਿਤ ਕੀਤੀ ਗਈ ਹੈ ਜਿਸ ਲਈ ਪ੍ਰੋਟੈਕਸ਼ਨ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਹਨ।
ਦੱਸ ਦੇਈਏ ਕਿ ਪਿਛਲੀ ਪੇਸ਼ੀ ‘ਤੇ ਇਨ੍ਹਾਂ ਨੂੰ ਕੋਰਟ ਵਿਚ ਪੇਸ਼ ਨਾ ਕਰਨ ਕਾਰਨ ਮਾਣਯੋਗ ਅਦਾਲਤ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਸੁਪਰੀਡੈਂਟਾਂ ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ ਸਾਰੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਜਾਂ ਫਿਰ ਫਿਜ਼ੀਕਲ ਤੌਰ ‘ਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਹੱਤਿਆ 29 ਮਈ 2022 ਨੂੰ ਸ਼ਾਮ ਸਾਢੇ 5 ਵਜੇ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਕੀਤੀ ਗਈ ਸੀ। ਮੂਸੇਵਾਲਾ ‘ਤੇ ਲਗਭਗ 40 ਰਾਊਂਡ ਫਾਇਰ ਕੀਤੇ ਗਏ। ਮੂਸੇਵਾਲਾ ਦੇ ਸਰੀਰ ‘ਤੇ 19 ਜ਼ਖਮ ਮਿਲੇ ਸਨ। ਗੋਲੀ ਲੱਗਣ ਦੇ 15 ਮਿੰਟ ਬਾਅਦ ਮੂਸੇਵਾਲਾ ਦੀ ਮੌਤ ਹੋ ਗਈ ਸੀ।