ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਨਵੀਆਂ ਮਸ਼ੀਨਾਂ ਲਿਆਉਣ ਲਈ 72.20 ਕਰੋੜ ਦਾ ਬਜਟ ਅਲਾਟਮੈਂਟ ਪ੍ਰਵਾਨ- ਵਿਧਾਇਕ ਸੇਖੋਂ
ਫ਼ਰੀਦਕੋਟ, 26 ਜੁਲਾਈ (ਪੰਜਾਬ ਡਾਇਰੀ)- ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ.ਰਾਜੀਵ ਸੂਦ (ਵਿਸ਼ਵ ਪ੍ਰਸਿੱਧ ਯੂਰੋਲੋਜਿਸਟ) ਅਤੇ ਚੇਅਰਮੈਨ ਬੋਰਡ ਆਫ ਮੈਨਜੇਮੈਂਟ ਡਾ. ਗੁਰਪ੍ਰੀਤ ਸਿੰਘ ਵਾਂਦਰ (ਵਿਸ਼ਵ ਪ੍ਰਸਿੱਧ ਕਾਰਡੀਓਲੋਜਿਸਟ) ਅਤੇ ਬੋਰਡ ਮੈਂਬਰ ਸਾਹਿਬਾਨ ਡਾ. ਬਿਸ਼ਵ ਮੋਹਨ, ਡਾ. ਰਾਜਿੰਦਰ ਬਾਂਸਲ, ਡਾ.ਵਿਸ਼ਾਲ ਚੋਪੜਾ, ਡਾ.ਪ੍ਰਭਦੇਵ ਸਿੰਘ ਬਰਾੜ, ਡਾ.ਕੇ.ਕੇ.ਅਗਰਵਾਲ, ਡਾ.ਅਮਨਦੀਪ ਅਰੋੜਾ (ਵਿਧਾਇਕ ਮੋਗਾ) ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਫਰੀਦਕੋਟ ਇਲਾਕੇ ਦੇ ਲੋਕਾਂ ਦੀ ਬਹੁਤ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਦੇਖਦੇ ਹੋਏ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਫਰੀਦਕੋਟ ਮੈਡੀਕਲ ਕਾਲਜ ਵਿੱਚ ਨਵੀਆਂ ਮਸ਼ੀਨਾਂ ਲਿਆਉਣ ਲਈ ਸਾਲ 2023-24 ਲਈ 72.20 ਕਰੋੜ ਦੀ ਬਜਟ ਅਲਾਟਮੈਂਟ ਪ੍ਰਵਾਨ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਦੀ ਵਰਤੋਂ ਨਾਲ ਫਰੀਦਕੋਟ ਮੈਡੀਕਲ ਕਾਲਜ ਵਿੱਚ ਬਹੁਤ ਸਾਰੀਆਂ ਉੱਚ-ਆਧੁਨਿਕ ਤਕਨੀਕ ਵਾਲੀਆਂ ਮਸ਼ੀਨਾਂ ਜਿਵੇਂ ਕਿ 3.0 ਟੇਸਲਾ ਐਮ.ਆਰ.ਆਈ ਮਸ਼ੀਨ, 2-ਐਡਵਾਂਸ ਅਲਟਰਾਸਾਊਂਡ ਮਸ਼ੀਨ, 800 ਐਮ.ਏ. ਦੀ ਫੁੱਲ ਰੂਮ ਡਿਜੀਟਲ ਐਕਸਰੇ ਮਸ਼ੀਨਾਂ, ਉੱਚ ਅੰਤ ਪੀਈਟੀ- ਸੀਟੀ, ਸੀਪੀਈਸੀਟੀ- ਸੀਟੀ, ਆਪਰੇਸ਼ਨ ਵਾਸਤੇ ਆਧੁਨਿਕ ਦੂਰਬੀਨ ਵਾਲੀਆਂ 03 ਮਸ਼ੀਨਾਂ, ਅੱਖ ਦੇ ਮਰੀਜਾਂ ਲਈ ਫਾਕੋ ਮਸ਼ੀਨ, ਨਵੀਨਤਮ ਐਂਡੋਸਕੋਪ ਕੋਲਨੋਸਕੋਪ, ਡਾਇਲਸਿਸ ਮਸ਼ੀਨ, ਪੋਰਟੇਬਲ ਈਕੋ ਅਤੇ ਅਲਟਰਾਸਾਊਂਡ ਮਸ਼ੀਨ ਦੀ ਖਰੀਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਲੱਡ ਬੈਂਕ ਅਨੱਸਥੀਸੀਆ, ਨੱਕ, ਕੰਨ, ਗਲਾ ਵਿਭਾਗ, ਚਮੜੀ ਵਿਭਾਗ, ਪਲਾਸਟਿਕ ਸਰਜਰੀ ਵਿਭਾਗ, ਬਾਲ ਰੋਗ ਦੀ ਸਰਜਰੀ ਵਿਭਾਗ,ਮਾਈਕਰੋਬਾਇਓਲੋਜੀ,ਨਿਊਰੋਲੋਜੀ ਅਤੇ ਫਿਜੀਓਲੋਜੀ ਵਿਭਾਗ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਬਿਹਤਰ ਸਿਹਤ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਹੋਰ ਵੀ ਰਾਸ਼ੀ ਦੀ ਜਦ ਜਦ ਵੀ ਜਰੂਰਤ ਪਵੇਗੀ ਇਸ ਮੈਡੀਕਲ ਕਾਲਜ ਨੂੰ ਵਿਸ਼ਵ ਪੱਧਰੀ ਸਿਹਤ ਸੁਵਿਧਾਵਾਂ ਦੇਣ ਲਈ ਪੂਰਨ ਆਰਥਿਕ ਸਹਿਯੋਗ ਦੇਵੇਗੀ। ਉਨ੍ਹਾਂ ਹਸਪਤਾਲ ਵਿੱਚ ਡਾਕਟਰ ਸਾਹਿਬਾਨ ਅਤੇ ਸਿਹਤ ਕਾਮਿਆਂ ਨੂੰ ਪੂਰੀ ਤਨਦੇਹੀ ਨਾਲ ਮਰੀਜਾਂ ਦੀ ਸੇਵਾ ਕਰਨ ਅਤੇ ਰਲ-ਮਿਲ ਕੇ ਇਸ ਸਿਹਤ ਸੰਸਥਾ ਦਾ ਮਿਆਰ ਹੋਰ ਉੱਚਾ ਚੁੱਕਣ ਦੀ ਅਪੀਲ ਵੀ ਕੀਤੀ।