ਮੋਹਾਲੀ ਅਦਾਲਤ ਨੇ ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਭਗੌੜਾ ਐਲਾਨਿਆ
ਮੋਹਾਲੀ, 18 ਅਗਸਤ (ਰੋਜਾਨਾ ਸਪੋਕਸਮੈਨ)- ਬਹੁ-ਕਰੋੜੀ ਡਰੱਗ ਮਾਮਲੇ ਵਿਚ ਮੋਹਾਲੀ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਏ.ਆਈ.ਜੀ. ਰਾਜਜੀਤ ਸਿੰਘ ਨੂੰ ਭਗੌੜਾ ਕਰਾਰ ਦਿਤਾ ਹੈ। ਰਾਜਜੀਤ ਸਿੰਘ ਨਸ਼ਿਆਂ ਦੀ ਤਸਕਰੀ, ਫਿਰੌਤੀ ਅਤੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮਾਰਚ ਮਹੀਨੇ ਤੋਂ ਫਰਾਰ ਹੈ। ਸਪੈਸ਼ਲ ਟਾਸਕ ਫੋਰਸ ਉਸ ਦੀ ਭਾਲ ਵਿਚ ਹੁਣ ਤਕ 600 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕਰ ਚੁੱਕੀ ਹੈ।
ਦਰਅਸਲ ਪੰਜਾਬ ਵਿਚ ਕਰੋੜਾਂ ਰੁਪਏ ਦੇ ਨਸ਼ਾ ਤਸਕਰੀ ਮਾਮਲੇ ਵਿਚ ਸੀਲਬੰਦ ਰੀਪੋਰਟ ਖੁੱਲ੍ਹਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਏ.ਆਈ.ਜੀ. ਰਾਜਜੀਤ ਸਿੰਘ ਹੁੰਦਲ ਨੂੰ ਬਰਖ਼ਾਸਤ ਕਰ ਦਿਤਾ ਸੀ। ਇਸ ਤੋਂ ਬਾਅਦ ਤੋਂ ਹੀ ਰਾਜਜੀਤ ਸਿੰਘ ਫਰਾਰ ਚੱਲ ਰਿਹਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਵਿਚ ਨਸ਼ਾ ਤਸਕਰੀ ਦੀ ਜਾਂਚ ਲਈ 2017 ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਸਿੱਟ ਨੇ ਜਾਂਚ ਤੋਂ ਬਾਅਦ 4 ਸੀਲਬੰਦ ਰੀਪੋਰਟਾਂ ਹਾਈ ਕੋਰਟ ਵਿਚ ਸੌਂਪੀਆਂ ਸਨ। ਇਨ੍ਹਾਂ ਵਿਚੋਂ ਤਿੰਨ ਰੀਪੋਰਟਾਂ ਨੂੰ ਹਾਈ ਕੋਰਟ ਨੇ ਖੋਲ੍ਹ ਕੇ ਪੰਜਾਬ ਸਰਕਾਰ ਕੋਲ ਕਾਰਵਾਈ ਲਈ ਭੇਜ ਦਿਤਾ ਸੀ। ਇਨ੍ਹਾਂ ਰੀਪੋਰਟਾਂ ਦੇ ਆਧਾਰ ’ਤੇ ਹੀ ਰਾਜਜੀਤ ਸਿੰਘ ਹੁੰਦਲ ਵਿਰੁਧ ਕਾਰਵਾਈ ਕੀਤੀ ਗਈ ਸੀ।