ਮੌਸਮ ਵਿਭਾਗ ਵੱਲੋਂ 20-21 ਦਸੰਬਰ ਨੂੰ ਪੰਜਾਬ ਤੇ ਹਰਿਆਣਾ ‘ਚ ਯੈਲੋ ਅਲਰਟ ਜਾਰੀ, ਵਧੇਗੀ ਠੰਡ
ਚੰਡੀਗੜ, 19 ਦਸੰਬਰ (ਡੇਲੀ ਪੋਸਟ ਪੰਜਾਬੀ)- ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ 20 ਅਤੇ 21 ਦਸੰਬਰ ਨੂੰ ਭਾਰੀ ਧੁੰਦ ਪੈ ਸਕਦੀ ਹੈ। ਇਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਕਾਰਨ ਮੌਸਮ ਬਹੁਤ ਬਦਲ ਗਿਆ ਹੈ। ਹਾਲਾਂਕਿ, ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਅਤੇ ਮੌਸਮ ਵਿਭਾਗ ਵੱਲੋਂ 20 ਅਤੇ 21 ਦਸੰਬਰ ਨੂੰ ਗਹਿਰੀ ਧੁੰਦ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਪਹਾੜਾਂ ਵਿਚ ਵੀ ਬਰਫਬਾਰੀ ਪੈ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਠੰਡ ਦੇ ਨਾਲ-ਨਾਲ ਧੁੰਦ ਕਾਰਨ ਵੀ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਡ ਦੇ ਨਾਲ-ਨਾਲ ਸੀਤ ਲਹਿਰ ਵੀ ਵਧੀ ਹੈ, ਜਿਸ ਲਈ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਾਵਧਾਨ ਰਹਿਣ ਅਤੇ ਪੂਰੇ ਕੱਪੜੇ ਪਾ ਕੇ ਹੀ ਘਰੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ। ਹਾਲਾਂਕਿ 3 ਤੋਂ 4 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਸੰਘਣੀ ਧੁੰਦ ਹੈ ਜਿਸ ਲਈ ਚੇਤਾਵਨੀ ਵੀ ਦਿੱਤੀ ਗਈ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰ ਡਾ: ਪਵਨੀਤ ਕੌਰ ਕਿੰਗਰਾ ਨੇ ਮੌਸਮ ਵਿਚ ਆਈ ਤਬਦੀਲੀ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਘੱਟੋ-ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਆਮ ਤਾਪਮਾਨ 6.4 ਡਿਗਰੀ ਸੈਲਸੀਅਸ ਰਿਹਾ। ਜੇਕਰ ਪਿਛਲੇ ਸਾਲ ਦੇ ਨਾਲ ਅੱਜ ਦੇ 20.7 ਡਿਗਰੀ ਸੈਲਸੀਅਸ ਦੀ ਤੁਲਨਾ ਕੀਤੀ ਜਾਵੇ ਤਾਂ ਪਿਛਲੇ ਸਾਲ ਇਹ 21.6 ਡਿਗਰੀ ਸੈਲਸੀਅਸ ਅਤੇ ਸਾਲ 2021 ਵਿਚ 13 ਡਿਗਰੀ ਸੈਲਸੀਅਸ ਸੀ।