ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਪੀਕਰ ਸੰਧਵਾਂ ਨੇ 51-51 ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ
– ਕਾਲਜ ਬਿਲਡਿੰਗ ਨੂੰ ਰੰਗ ਰੋਗਨ ਲਈ 2 ਲੱਖ ਰੁਪਏ ਦੇਣ ਦਾ ਐਲਾਨ
ਫ਼ਰੀਦਕੋਟ 2 ਨਵੰਬਰ (ਪੰਜਾਬ ਡਾਇਰੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਦੋ ਰੋਜ਼ਾ ‘ਜਸ਼ਨ—ਏ—ਮੁਬਾਰਕ’ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬਠਿੰਡਾ ਫ਼ਰੀਦਕੋਟ ਜ਼ੋਨਲ ਯੁਵਕ ਮੇਲੇ ਵਿਚ ਸਰਕਾਰੀ ਬ੍ਰਿਜਿੰਦਰਾ ਕਾਲਜ ਵਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਵਧਾਈ ਦਿੱਤੀ
ਕਾਲਜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਕੁੱਲ 55 ਆਈਟਮਾਂ ਦੀਆਂ ਪੇਸ਼ਕਾਰੀਆਂ ਸਨ ਜਿਸ ਵਿੱਚੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਨੇ 54 ਆਈਟਮਾਂ ਵਿੱਚ ਭਾਗ ਲਿਆ। ਇਹ ਯੁਵਕ ਮੇਲਾ ਚਾਰ ਦਿਨ ਚੱਲਿਆ ਅਤੇ ਚਾਰ ਦਿਨਾਂ ਵਿਚ ਕਾਲਜ ਨੇ ਵੱਖ—ਵੱਖ ਪੇਸ਼ਕਾਰੀਆਂ ਰਾਹੀਂ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਯੁਵਕ ਮੇਲੇ ਵਿੱਚ ਕਾਲਜ ਨੇ 98 ਅੰਕ ਪ੍ਰਾਪਤ ਕਰਕੇ ਓਵਰ ਆਲ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਕਾਰਨ ਕਾਲਜ ਦੇ ਹਿੱਸੇ ਇਸ ਯੁਵਕ ਮੇਲੇ ਦੀ ਓਵਰ ਆਲ ਟਰਾਫ਼ੀ ਆਈ ਹੈ ਜਿਸਦੇ ਮੁਤੱਲਕ ਦੋ ਰੋਜ਼ਾ ਵਿਦਿਆਰਥੀ ਸਫ਼ਲਤਾ ਉਤਸਵ ਮਨਾ ਰਹੇ ਹਨ।
ਇਸ ਪ੍ਰੋਗਰਾਮ ਵਿੱਚ ਸਪੀਕਰ ਸੰਧਵਾਂ ਸਨਮੁੱਖ ਮਲਵਈ ਗਿੱਧਾ (ਲੜਕੇ ਅਤੇ ਲੜਕੀਆਂ) ਅਤੇ ਲੋਕਗੀਤ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਹਨਾਂ ਪੇਸ਼ਕਾਰੀਆਂ ਨੂੰ ਮਾਣਨ ਉਪਰੰਤ ਸਪੀਕਰ ਸਾਹਿਬ ਨੇ ਭਾਗੀਦਾਰਾਂ ਨੂੰ ਭਰਪੂਰ ਰੂਪ ਵਿੱਚ ਵਧਾਈ ਦਿੰਦੇ ਹੌਸ਼ਲਾ ਅਫ਼ਜਾਈ ਕੀਤੀ। ਉਨ੍ਹਾਂ ਵੱਲੋਂ ਮਲਵਈ ਗਿੱਧੇ ਦੇ ਨਿਰਵੈਰ ਸਿੰਘ ਅਤੇ ਲੋਕਗੀਤ ਗਾਉਣ ਵਾਲੀ ਵਿਦਿਆਰਥਣ ਮੁਸਕਾਨ ਨੂੰ 51—51 ਹਜ਼ਾਰ ਰੁਪਏ ਦੇਣ ਦਾ ਐਲਾਨ ਕਰਨ ਦੇ ਨਾਲ ਹੀ ਕਾਲਜ ਦੀ ਇਤਿਹਾਸਿਕ ਬਿਲਡਿੰਗ ਨੂੰ ਰੰਗ ਰੋਗਨ ਕਰਵਾਉਣ ਲਈ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।
ਉਹਨਾਂ ਕਿਹਾ ਕਿ ਬੱਚਿਓ, ਸੱਭਿਆਚਾਰਕ ਕਲਾਤਮਕ ਗਤੀਵਿਧੀਆਂ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਜਰੂਰ ਦਿਲਚਸਪੀ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਪੜ੍ਹੇ—ਲਿਖੇ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਲਵੋਂਗੇ ਤਾਂ ਮਾੜੇ ਅਨਸਰ ਅੱਗੇ ਆਉਣਗੇ ਜਿਸ ਕਰਕੇ ਸਾਡੇ ਸਮਾਜ ਤੇ ਬੁਰਾ ਪ੍ਰਭਾਵ ਪੈਂਦਾ ਹੈ। ਸਪੀਕਰ ਸੰਧਵਾਂ ਨੇ ਵਿਦਿਆਰਥੀਆਂ ਨੂੰ ਹੋਰ ਵੀ ਹੌਸਲਾ ਵਧਾਊ ਗੱਲ੍ਹਾਂ ਸਾਂਝੀਆਂ ਕਰਦਿਆਂ ਉਹਨਾਂ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਕਿ ਯੁਵਕ ਮੇਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ, ਉਹਨਾਂ ਦੇ ਅਧਿਆਪਕ ਅਤੇ ਉਹਨਾਂ ਦੇ ਮਾਪਿਆਂ ਨੂੰ ਅਸੀਂ ਵਿਧਾਨ ਸਭਾ ਪੰਜਾਬ ਦਾ ਇਕ ਟੂਰ ਲਵਾਂਵਾਂਗੇ। ਜਿੱਥੇ ਅਸੀਂ ਇਹਨਾਂ ਬੱਚਿਆਂ ਦੀ ਹੌਸਲਾ ਅਫ਼ਜਾਈ ਵੀ ਕਰਾਂਗੇ।
ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਖਨਗਵਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਪਹੁੰਚੇ ਸਨ।