ਯੂ.ਜੀ.ਸੀ. ਨੇ 20 ਯੂਨੀਵਰਸਿਟੀਆਂ ਨੂੰ ਐਲਾਨਿਆ ਫਰਜ਼ੀ, ਇਨ੍ਹਾਂ ਨੂੰ ਡਿਗਰੀਆਂ ਦੇਣ ਦਾ ਅਧਿਕਾਰ ਨਹੀਂ
ਨਵੀਂ ਦਿੱਲੀ, 3 ਅਗਸਤ (ਰੋਜਾਨਾ ਸਪੋਕਸਮੈਨ)- ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਬੁਧਵਾਰ ਨੂੰ 20 ਯੂਨੀਵਰਸਿਟੀਆਂ ਨੂੰ ‘ਫਰਜ਼ੀ’ ਕਰਾਰ ਦਿਤਾ ਹੈ ਅਤੇ ਉਨ੍ਹਾਂ ਨੂੰ ਕੋਈ ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਨਹੀਂ ਦਿਤਾ ਹੈ। ਦਿੱਲੀ ’ਚ ਅਜਿਹੀਆਂ ਯੂਨੀਵਰਸਿਟੀਆਂ ਦੀ ਗਿਣਤੀ ਅੱਠ ਹੈ, ਜੋ ਕਿ ਸਭ ਤੋਂ ਵੱਧ ਹੈ।
ਯੂ.ਜੀ.ਸੀ. ਦੇ ਸਕੱਤਰ ਮਨੀਸ਼ ਜੋਸ਼ੀ ਨੇ ਕਿਹਾ, ‘‘ਇਹ ਕਮਿਸ਼ਨ ਦੇ ਧਿਆਨ ’ਚ ਆਇਆ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਯੂ.ਜੀ.ਸੀ. ਐਕਟ ਦੇ ਉਪਬੰਧਾਂ ਦੇ ਉਲਟ ਡਿਗਰੀਆਂ ਪ੍ਰਦਾਨ ਕਰ ਰਹੀਆਂ ਹਨ। ਅਜਿਹੀਆਂ ਯੂਨੀਵਰਸਿਟੀਆਂ ਵਲੋਂ ਦਿਤੀ ਡਿਗਰੀ ਨੂੰ ਨਾ ਤਾਂ ਮਾਨਤਾ ਦਿਤੀ ਜਾਵੇਗੀ ਅਤੇ ਨਾ ਹੀ ਉਹ ਉੱਚ ਸਿੱਖਿਆ ਜਾਂ ਰੁਜ਼ਗਾਰ ਦੇ ਉਦੇਸ਼ ਲਈ ਪ੍ਰਮਾਣਿਤ ਹੋਵੇਗੀ। ਇਨ੍ਹਾਂ ਯੂਨੀਵਰਸਿਟੀਆਂ ਨੂੰ ਕੋਈ ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਨਹੀਂ ਦਿਤਾ ਗਿਆ ਹੈ।’’
ਅਜਿਹੀਆਂ ਸੰਸਥਾਵਾਂ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀਆਂ ‘ਫਰਜ਼ੀ’ ਹਨ। ਯੂ.ਜੀ.ਸੀ. ਦੇ ਅਨੁਸਾਰ, ਦਿੱਲੀ ’ਚ ਅੱਠ ‘ਫ਼ਰਜ਼ੀ’ ਯੂਨੀਵਰਸਿਟੀਆਂ ਹਨ – ‘ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸਜ਼’, ‘ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ’, ਦਰਿਆਗੰਜ, ‘ਯੂਨਾਈਟਡ ਨੈਸ਼ਨਜ਼ ਯੂਨੀਵਰਸਿਟੀ, ਵੋਕੇਸ਼ਨਲ ਯੂਨੀਵਰਸਿਟੀ’, ‘ਏ.ਡੀ.ਆਰ.-ਸੈਂਟ੍ਰਿਕ ਜੁਰੀਡੀਕਲ ਯੂਨੀਵਰਸਿਟੀ’, ‘ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਇੰਜਨੀਅਰਿੰਗ’, ‘ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ ਇੰਪਲਾਇਮੈਂਟ ਐਂਡ ਸਪਿਰਿਚੁਅਲ ਯੂਨੀਵਰਸਿਟੀ’।