ਰਡਿਆਲਾ ਦੇ ਸਕੂਲ ਵਿੱਚ ‘ਬਰੀਕ ਅਨਾਜ’ ਵਿਸ਼ੇ ਤੇ ਲੈਕਚਰ ਆਯੋਜਿਤ
ਖਰੜ/ ਮੋਹਾਲੀ: 25 ਅਪ੍ਰੈਲ (ਪੰਜਾਬ ਡਾਇਰੀ)- ਖਰੜ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਆਯੁਰਵੈਦ ਮੈਡੀਕਲ ਅਫਸਰ ਡਾ. ਕ੍ਰਿਤੀਕਾ ਭਨੋਟ ਨੇ ‘ਬਰੀਕ ਅਨਾਜ (ਮਿਲੇਟਸ) ਅਤੇ ਇਸ ਦੀ ਪੋਸ਼ਕ ਮਹੱਤਤਾ’ ਵਿਸ਼ੇ ਤੇ ਇਕ ਵਿਸਤ੍ਰਿਤ ਲੈਕਚਰ ਕੀਤਾ। ਸਕੂਲ ਪੁੱਜਣ ‘ਤੇ ਮੈਡਮ ਗੁਰਿੰਦਰ ਕੌਰ ਨੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ।
ਸਕੂਲ ਦੇ ਬੁਲਾਰੇ ਮਨਦੀਪ ਸਿੰਘ ਨੇ ਦੱਸਿਆ ਸਟੇਜ ਦਾ ਸੰਚਾਲਨ ਸੱਤਵੀਂ ਜਮਾਤ ਦੇ ਵਿਦਿਆਰਥੀ ਕੁਨਾਲ ਨੇ ਬਾਖੂਬੀ ਕੀਤਾ। ਆਪਣੇ ਸੰਬੋਧਨ ਵਿੱਚ ਡਾ. ਕ੍ਰਿਤੀਕਾ ਭਨੋਟ ਨੇ ‘ਬਰੀਕ ਅਨਾਜ (ਮਿਲੇਟਸ)’ ਦਾ ਅਰਥ ਖੋਲ੍ਹ ਕੇ ਸਮਝਾਇਆ। ਉਨ੍ਹਾਂ ਦੱਸਿਆ ਕਿ ਇਸ ਅਨਾਜ ਦੀ ਵਰਤੋਂ ਨਾਲ ਕੈਲਸ਼ੀਅਮ, ਲੋਹਾ, ਵਿਟਾਮਿਨ ਡੀ ਅਤੇ ਹੋਰ ਪੋਸ਼ਕ ਤੱਤਾਂ ਦੀ ਘਾਟ ਤਾਂ ਪੂਰੀ ਹੁੰਦੀ ਹੀ ਹੈ, ਨਾਲ ਹੀ ਮੋਟਾਪਾ, ਉੱਚ ਖੂਨ ਦਬਾਅ, ਸ਼ੁਗਰ ਆਦਿ ਰੋਗਾਂ ਵਿੱਚ ਵੀ ਬਹੁਤ ਲਾਭ ਹੁੰਦਾ ਹੈ। ਉਨ੍ਹਾਂ ਨੇ ਆਯੁਰਵੈਦਿਕ ਪੱਧਤੀ ਅਨੁਸਾਰ ਇਸ ਅਨਾਜ ਦੇ ਸੇਵਨ ਢੰਗ ਬਾਰੇ ਵੀ ਵਿਸਤਾਰ ਨਾਲ ਸਮਝਾਇਆ। ਉਨ੍ਹਾਂ ਨੇ ਜਵਾਰ, ਬਾਜਰਾ, ਚੁਲਾਈ, ਰਾਗੀ, ਸੌਂਖਿਆ, ਕੰਗਣੀ, ਕੋਧਰਾ ਆਦਿ ਦੇ ਨਮੂਨੇ ਪ੍ਰਦਰਸ਼ਿਤ ਵੀ ਕੀਤੇ ਅਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਡਾ. ਭਨੋਟ ਨੇ ਮੌਸਮ ਅਨੁਸਾਰ ਇਸ ਅਨਾਜ ਦੇ ਖਾਣ ਪੀਣ ਆਦਿ ਬਾਰੇ ਵਿਸਤਾਰ ਪੂਰਵਕ ਦੱਸਿਆ। ਇਸ ਮੌਕੇ ਮੈਡਮ ਅੰਮ੍ਰਿਤਪਾਲ ਕੌਰ, ਰੇਣੂ ਗੁਪਤਾ, ਰਿਚਾ, ਸਿਮਰਨਜੀਤ ਕੌਰ, ਹਰਸ਼ਪ੍ਰੀਤ, ਸੰਦੀਪ ਸਿੰਘ ਅਤੇ ਅਵਤਾਰ ਸਿੰਘ ਵੀ ਆਪੋ ਆਪਣੀ ਡਿਊਟੀ ‘ਤੇ ਹਾਜ਼ਰ ਰਹੇ।
ਇਸ ਮੌਕੇ ਸਕੂਲ ਵੱਲੋਂ ਡਾ. ਭਨੋਟ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾ. ਭਨੋਟ ਨੇ ਇਸ ਗਰਮ ਜੋਸ਼ੀ ਵਾਲੇ ਪ੍ਰੋਗਰਾਮ ‘ਤੇ ਕਾਫੀ ਖੁਸ਼ੀ ਪ੍ਰਗਟ ਕੀਤੀ ਅਤੇ ਮੁੜ ਛੇਤੀ ਹੀ ਵਿਦਿਆਰਥੀਆਂ ਅਤੇ ਸਟਾਫ ਦੇ ਰੂ ਬਰੂ ਹੋਣ ਦਾ ਵਾਅਦਾ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਮੁਖੀ ਨੇ ਧੰਨਵਾਦ ਮਤਾ ਪੜ੍ਹਿਆ।