ਰਡਿਆਲਾ ਸਕੂਲ ‘ਚ ਵਿਦਿਆਰਥਣਾਂ ਲਈ ਵਿਸ਼ੇਸ਼ ਲੈਕਚਰ ਆਯੋਜਿਤ
28 ਅਪ੍ਰੈਲ – ਖਰੜ ਨੇੜਲੇ ਸਰਕਾਰੀ ਸੀ. ਸੈ. ਸਕੂਲ ਰਡਿਆਲਾ ਵਿਚ ਵਿਦਿਆਰਥਣਾਂ ਨੂੰ ਸਿਹਤ ਤੇ ਸਰੀਰਕ ਸਫਾਈ ਸਬੰਧੀ ਜਾਗਰੂਕ ਕਰਨ ਲਈ ਅੱਜ ਇੱਕ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ। ਇਹ ਲੈਕਚਰ ‘ਪੀ ਐਂਡ ਜੀ ਹਾਈਜੀਨ ਐਂਡ ਹੈਲਥ ਕੇਅਰ’ ਰਾਹੀਂ ਕਰਵਾਇਆ ਗਿਆ। ਇਸ ਸੰਸਥਾ ਤੋਂ ਆਈ ਮੈਡਮ ਆਯੁਸ਼ੀ ਨੇ ਇਹ ਲੈਕਚਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਹਰ ਸਾਲ ਵਿਭਿੰਨ ਏਜੰਸੀਆਂ ਨਾਲ ਮਿਲ ਕੇ ਵੱਖ ਵੱਖ ਸਕੂਲਾਂ ਵਿੱਚ ਇਹ ਲੈਕਚਰ ਕਰਦੀ ਹੈ ਤਾਂ ਜੋ ਜਵਾਨ ਹੋ ਰਹੀਆਂ ਬੇਟੀਆਂ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਸਰੀਰਕ ਤਬਦੀਲੀਆਂ ਅਤੇ ਉਨ੍ਹਾਂ ਨਾਲ ਸਫ਼ਲਤਾ ਪੂਰਵਕ ਨਜਿੱਠਣ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਬੇਟੀਆਂ ਨੂੰ ਬੰਦ ਕਮਰਾ ਲੈਕਚਰ ਰਾਹੀਂ ਦੱਸਿਆ ਕਿ ਕਿਸ਼ੋਰ ਅਵਸਥਾ ਸਮੇਂ ਲੜਕੀਆਂ ਦੇ ਸਰੀਰ ਵਿਚ ਕਿਹੜੀਆਂ ਕਿਹੜੀਆਂ ਤਬਦੀਲੀਆਂ ਕਿਵੇਂ ਆਉਂਦੀਆਂ ਨੇ। ਇਨ੍ਹਾਂ ਤਬਦੀਲੀਆਂ ਪ੍ਰਤੀ ਆਪਣੀਆਂ ਮਾਤਾਵਾਂ/ਅਧਿਆਪਕਾਵਾਂ ਨਾਲ ਜਾਂ ਵੱਡੀਆਂ ਭੈਣਾਂ ਨਾਲ ਕਿਸ ਤਰ੍ਹਾਂ ਬਿਨਾਂ ਕਿਸੇ ਹਿਚਕਿਚਾਹਟ ਦੇ ਗਲ ਕਰਨੀ ਚਾਹੀਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਗਾਈਡੈਂਸ ਕੌਂਸਲਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਇਸ ਲੈਕਚਰ ਨੂੰ ਪੂਰੇ ਧਿਆਨ ਨਾਲ ਸੁਣਿਆ। ਇਸ ਸਮੇਂ ਸਕੂਲ ਦੀ ਸੀਨੀਅਰ ਮੋਸਟ ਅਧਿਆਪਕਾ ਅਨੁਰਾਧਾ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਿਤ ਕੀਤਾ। ਅੰਤ ਵਿੱਚ ਵਿਦਿਆਰਥਣਾਂ ਨੂੰ ਨਿੱਜੀ ਸਫਾਈ ਸਬੰਧੀ ਕੁਝ ਸਮੱਗਰੀ ਵੀ ਵੰਡੀ ਗਈ। ਇਸ ਮੌਕੇ ਸਕੂਲ ਦੇ ਹੈਡਮਾਸਟਰ ਨੇ ਰਿਸੋਰਸ ਪਰਸਨ ਮੈਡਮ ਆਯੁਸ਼ੀ ਨੂੰ ਪ੍ਰੇਰਿਤ ਕੀਤਾ ਕਿ ਵਿਦਿਆਰਥਣਾਂ ਦੀ ਭਲਾਈ ਹਿਤ ਉਹ ਦਾਨੀ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਕੂਲ ਨਾਲ ਜੋੜਣ। ਮੈਡਮ ਆਯੁਸ਼ੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਛੇਤੀ ਹੀ ਸਕੂਲ ਲਈ ਕੁਝ ਨਾ ਕੁਝ ਜ਼ਰੂਰ ਕਰਨ ਜਾਂ ਕਿਸੇ ਤੋਂ ਕਰਵਾਉਣਗੇ।