ਰਣਜੀਤ ਸਿੰਘ ਐਨਕਾਊਂਟਰ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਵੱਡਾ ਝਟਕਾ ਦਿੱਤਾ ਹੈ।

ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਗੁਰਦਾਸਪੁਰ ਵਿੱਚ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਇਲਜ਼ਾਮ ਵਿੱਚ ਕਾਬੂ ਸਿੱਖ ਨੌਜਵਾਨ ਰਣਜੀਤ ਸਿੰਘ ਦੇ ਐਨਕਾਊਂਟਰ ਮਾਮਲੇ ਦਾ ਨੋਟਿਸ ਲਿਆ ਹੈ। ਹਾਈ ਕੋਰਟ ਨੇ ਇਸ ਮਾਮਲੇ ‘ਤੇ ਪੰਜਾਬ ਦੇ ਡੀਜੀਪੀ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਦੁਪਹਿਰ 2 ਵਜੇ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਜਵਾਬ ਦੇਣਾ ਹੋਵੇਗਾ। ਸੂਤਰਾਂ ਅਨੁਸਾਰ ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ।
ਯਾਦ ਰਹੇ ਪਰਿਵਾਰ ਇਸ ਐਨਕਾਊਂਟਰ ਉਪਰ ਸਵਾਲ ਉਠਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਲੋਕ ਪੰਜਾਬ ਸਰਕਾਰ ਉਪਰ ਵੀ ਸਵਾਲ ਉਠਾ ਰਹੇ ਹਨ। ਮਨੱਖੀ ਅਧਿਕਾਰ ਕਾਰਕੁਨਾਂ ਮੁਤਾਬਕ ਸੂਬੇ ਅੰਦਰ ਪੁਲਿਸ ਲਗਾਤਾਰ ਐਨਕਾਊਂਟਰ ਕਰ ਰਹੀ ਹੈ ਪਰ ਸਰਕਾਰ ਇਸ ਦਾ ਕੋਈ ਨੋਟਿਸ ਨਹੀਂ ਲੈ ਰਹੀ। ਇਸ ਗੁੱਸੇ ਕਰਕੇ ਹੀ ਨੌਜਵਾਨ ਰਣਜੀਤ ਸਿੰਘ ਦਾ ਅਜੇ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ।
ਰਿਪੋਰਟਾਂ ਅਨੁਸਾਰ ਇਹ ਕੇਸ ਅੱਜ ਦੁਪਹਿਰ 2 ਵਜੇ ਲਈ ਤੈਅ ਕੀਤਾ ਗਿਆ ਹੈ। ਗੈਂਗਸਟਰ ਲਾਰੈਂਸ ਦੇ ਜੇਲ੍ਹ ਇੰਟਰਵਿਊ ਕੇਸ ਦੀ ਸੁਣਵਾਈ ਵੀ ਇਸੇ ਸਮੇਂ ਦੌਰਾਨ ਹੋਵੇਗੀ। ਅਦਾਲਤ ਨੇ ਡੀਜੀਪੀ ਗੌਰਵ ਨੂੰ ਆਪਣਾ ਜਵਾਬ ਤਿਆਰ ਰੱਖਣ ਦੇ ਹੁਕਮ ਦਿੱਤੇ ਹਨ। ਇਹ ਦੂਜਾ ਮਾਮਲਾ ਹੈ ਜਿਸ ਵਿੱਚ ਅਦਾਲਤ ਨੇ ਨੋਟਿਸ ਲਿਆ ਹੈ। ਇਸ ਤੋਂ ਪਹਿਲਾਂ, ਅਦਾਲਤ ਨੇ ਮੋਹਾਲੀ ਵਿੱਚ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਦਾ ਵੀ ਨੋਟਿਸ ਲਿਆ ਸੀ।
ਦੱਸ ਦਈਏ ਕਿ 22 ਫਰਵਰੀ ਨੂੰ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੁਲਿਸ ਚੌਕੀ ‘ਤੇ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਰੇ ਗਏ ਮੁਲਾਜ਼ਮਾਂ ਵਿੱਚ ਏਐਸਆਈ ਗੁਰਨਾਮ ਸਿੰਘ ਤੇ ਹੋਮ ਗਾਰਡ ਕਾਂਸਟੇਬਲ ਅਸ਼ੋਕ ਕੁਮਾਰ ਸ਼ਾਮਲ ਸਨ। ਪੁਲਿਸ ਅਨੁਸਾਰ ਇਸ ਹਮਲੇ ਦੀ ਸਾਜਿਸ਼ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਰਚੀ ਸੀ।
ਪੁਲਿਸ ਮੁਤਾਬਕ ਹਮਲੇ ਲਈ ਤਿੰਨ ਨੌਜਵਾਨਾਂ ਨੂੰ ਲਗਪਗ 20,000 ਰੁਪਏ ਦਾ ਲਾਲਚ ਦਿੱਤਾ ਗਿਆ ਸੀ। ਪੁਲਿਸ ਨੇ ਮਾਮਲੇ ਦਾ ਮੁੱਖ ਮੁਲਜ਼ਮ 19 ਸਾਲਾ ਰਣਜੀਤ ਸਿੰਘ ਨੂੰ ਦੱਸਿਆ ਸੀ। ਪੁਲਿਸ ਨੇ 25 ਫਰਵਰੀ ਨੂੰ ਪੁਰਾਣਾਸ਼ਾਲਾ ਖੇਤਰ ਵਿੱਚ ਰਣਜੀਤ ਸਿੰਘ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਨੇ ਫਾਇਰਿੰਗ ਕੀਤੀ, ਜਿਸ ਕਾਰਨ ਪੁਲਿਸ ਨੂੰ ਜਵਾਬੀ ਗੋਲੀਬਾਰੀ ਕਰਨੀ ਪਈ।
ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ। ਰਣਜੀਤ ਸਿੰਘ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਇਹ ਇੱਕ ਫਰਜ਼ੀ ਮੁਕਾਬਲਾ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਉਸ ਨੂੰ ਉਸ ਦੇ ਘਰੋਂ ਅਗਵਾ ਕੀਤਾ ਤੇ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ। ਪਰਿਵਾਰ ਨੇ ਇਹ ਵੀ ਕਿਹਾ ਕਿ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਹਟਾ ਦਿੱਤੇ ਗਏ।
-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


