ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਹੋਈ ਖ਼ਤਮ, ਅੱਜ ਵਾਪਸ ਲਿਆਂਦਾ ਜਾਵੇਗਾ ਸੁਨਾਰੀਆ ਜੇਲ੍ਹ
ਚੰਡੀਗੜ੍ਹ, 13 ਦਸੰਬਰ (ਡੇਲੀ ਪੋਸਟ ਪੰਜਾਬੀ)- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਫਰਲੋ ਬੁੱਧਵਾਰ ਯਾਨੀ ਕਿ ਅੱਜ ਪੂਰੀ ਹੋ ਗਈ ਹੈ। ਬਾਗਪਤ ਦੇ ਬਰਨਾਵਾ ਆਸ਼ਰਮ ਤੋਂ ਕਿਸੇ ਵੀ ਸਮੇਂ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੁਪਹਿਰ ਦੇ ਕਰੀਬ 2 ਵਜੇ ਬਰਨਾਵਾ ਆਸ਼ਰਮ ਤੋਂ ਰਵਾਨਾ ਹੋ ਜਾਵੇਗਾ ਤੇ ਦੇਰ ਸ਼ਾਮ ਤੱਕ ਸਰੈਂਡਰ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਪਿਛਲੇ 21 ਦਿਨਾਂ ਤੋਂ ਰਾਮ ਰਹੀਮ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਸੀ। ਅਦਾਲਤ ਵੱਲੋਂ ਉਸਦੀ 21 ਦਿਨਾਂ ਦੀ ਫਰਲੋ ਮਨਜ਼ੂਰ ਕੀਤੀ ਸੀ, ਜਿਸਦੇ ਬਾਅਦ ਉਹ ਕੜੀ ਸੁਰੱਖਿਆ ਵਿੱਚ ਆਸ਼ਰਮ ਲਿਆਂਦਾ ਗਿਆ ਸੀ।
ਦੱਸ ਦੇਈਏ ਕਿ ਫਰਲੋ ਮਿਲਣ ਤੋਂ ਬਾਅਦ ਰਾਮ ਰਹੀਮ 8ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਸਤੋਂ ਪਹਿਲਾਂ ਸੱਤ ਵਾਰ ਰਾਮ ਰਹੀਮ ਪੈਰੋਲ ‘ਤੇ ਬਾਹਰ ਆਇਆ ਤੇ ਇੱਕ-ਇੱਕ ਮਹੀਨੇ ਤੱਕ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਿਹਾ। ਇਸ ਦੌਰਾਨ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨਾਲ ਗੱਲਬਾਤ ਕੀਤੀ ਤੇ ਚੋਣਾਂ ਨੂੰ ਲੈ ਕੇ ਬਰਨਾਵਾ ਆਸ਼ਰਮ ਤੋਂ ਵੱਡੇ ਫੈਸਲੇ ਲਏ। ਪਰ ਇਸ ਵਾਰ ਰਾਮ ਰਹੀਮ ਪੈਰੋਲ ਨਹੀਂ ਬਲਕਿ ਫਰਲੋ ‘ਤੇ ਬਾਹਰ ਆਇਆ ਸੀ।