ਰਾਹਤ ਦੀ ਖ਼ਬਰ ; ਰੋਪੜ ਥਰਮਲ ਪਲਾਂਟ ਦਾ ਬੰਦ ਯੂਨਿਟ ਮੁੜ ਹੋਇਆ ਚਾਲੂ
ਪਟਿਆਲਾ, 20 ਮਈ – (ਪੰਜਾਬ ਡਾਇਰੀ) ਪਾਵਰਕਾਮ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਕੁੱਝ ਦਿਨ ਪਹਿਲਾਂ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 5 ਜੋ ਕਿ ਬੁਆਇਲਰ ਲੀਕੇਜ ਕਰ ਕੇ ਬੰਦ ਹੋਇਆ ਸੀ ਉਹ ਬੀਤੀ ਰਾਤ ਮੁੜ ਚਾਲੂ ਹੋ ਗਿਆ ਹੈ।
ਇਸ ਨਾਲ ਪਾਵਰਕਾਮ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਅਣਐਲਾਨੇ ਕੱਟ ਲੱਗਣ ਕਾਰਨ ਲੋਕ ਕਾਫੀ ਪਰੇਸ਼ਾਨ ਸਨ। ਲਹਿਰਾ ਮੁਹੱਬਤ ਦਾ ਮਹਿਜ਼ ਇੱਕ ਯੂਨਿਟ ਚੱਲ ਰਿਹਾ ਹੈ ਜਦਕਿ ਤਿੰਨ ਯੂਨਿਟ ਬੰਦ ਰੱਖੇ ਹੋਏ ਹਨ। ਇਕ ਯੂਨਿਟ ਈਐੱਸਪੀ ਟੁੱਟਣ ਕਰ ਕੇ ਬੰਦ ਹੈ ਜਦਕਿ ਦੂਜਾ ਯੂਨਿਟ ਰਾਖ ਦੇ ਫੈਲਾਓ ਕਰਕੇ ਬੰਦ ਰੱਖਿਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤੀਜਾ ਯੂਨਿਟ ਕੋਲੇ ਨੂੰ ਰਿਜ਼ਰਵ ਕਰਨ ਵਾਸਤੇ ਬੰਦ ਕੀਤਾ ਗਿਆ ਹੈ। ਜਦਕਿ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ। ਕੁਲ ਮਿਲਾ ਕੇ ਪੰਜਾਬ ਦੇ ਪੰਜ ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚੋਂ 4 ਯੂਨਿਟ ਬੰਦ ਹਨ। ਪੰਜਾਬ ਵਿੱਚ ਅੱਜ ਸਵੇਰੇ ਦੀ ਬਿਜਲੀ ਦੀ ਮੰਗ 9 ਹਜ਼ਾਰ MW ਸੀ ਤੇ ਬੰਦ ਥਰਮਲ ਯੂਨਿਟਾਂ ਕਰ ਕੇ 950 MW ਬਿਜਲੀ ਦੀ ਕਮੀ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਕਾਫੀ ਵੱਧ ਗਈ ਸੀ। ਇਸ ਕਾਰਨ ਕਈ ਪੰਜਾਬ ਦੇ ਕਈ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋ ਗਏ ਸਨ। ਇਸ ਕਾਰਨ ਬਿਜਲੀ ਸਪਲਾਈ ਵਿੱਚ ਭਾਰੀ ਦਿੱਕਤ ਆ ਰਹੀ ਸੀ। ਪੰਜਾਬ ਵਿੱਚ ਅਣਐਲਾਨੇ ਕੱਟਾਂ ਕਾਰਨ ਲੋਕ ਕਾਫੀ ਪਰੇਸ਼ਾਨ ਸਨ। ਇਸ ਕਾਰਨ ਵੱਖ-ਵੱਖ ਥਾਈਂ ਲੋਕਾਂ ਨੇ ਪਾਵਰਕਾਮ ਦੇ ਦਫਤਰਾਂ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਸੀ। ਇਥੋਂ ਤੱਕ ਕੇ ਪਾਵਰਕਾਮ ਵੱਲੋਂ ਲੋਕਾਂ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਸਨ ਕਿ ਫਾਲਤੂ ਬਿਜਲੀ ਨਾ ਵਰਤੀ ਜਾਵੇ ਅਤੇ ਸਨਅਤਕਾਰਾਂ ਨੂੰ ਵੀ ਕਈ ਹਦਾਇਤਾਂ ਜਾਰੀ ਕੀਤੀਆਂ ਸਨ।