ਰੂਸ ਵੱਲੋਂ ਯੂਕਰੇਨ ਤੇ ਹਮਲੇ ਕਰਨ ਦੀ ਨਿਖੇਧੀ
ਜ਼ੀਰਾ, 5 ਮਾਰਚ (ਅੰਗਰੇਜ਼ ਬਰਾੜ) – ਲੋਕ ਸੰਗਰਾਮ ਮੋਰਚਾ ਦੇ ਸੱਦੇ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸਥਾਨਕ ਦਾਣਾ ਮੰਡੀ ਵਿਚ ਇਕ ਰੋਸ ਰੈਲੀ ਕਰਕੇ ਰੂਸ ਵੱਲੋਂ ਯੂਕਰੇਨ ਤੇ ਹਮਲੇ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਇਸ ਮੌਕੇ ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰੈੱਸ ਸਕੱਤਰ ਪਰਮਜੀਤ ਸਿੰਘ ਜ਼ੀਰਾ, ਸੂਬਾਈ ਆਗੂ ਦਲਵਿੰਦਰ ਸਿੰਘ ਸ਼ੇਰਖਾਂ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਜੁਗਰਾਜ ਸਿੰਘ ਫੇਰੋਕੇ ਅਤੇ ਮਖੂ ਬਲਾਕ ਦੇ ਆਗੂ ਬਲਜੀਤ ਕੌਰ, ਬਚਿੱਤਰ ਸਿੰਘ, ਸੰਦੀਪ ਸਿੰਘ, ਰੇਸ਼ਮ ਸਿੰਘ, ਜਗਸੀਰ ਸਿੰਘ ਜੱਗਾ ਆਦਿ ਆਗੂਆਂ ਨੇ ਕਿਹਾ ਕਿ ਰੂਸ ਵੱਲੋਂ ਯੂਕਰੇਨ ਤੇ ਕੀਤੇ ਗਏ ਹਮਲੇ ਬੇਹੱਦ ਨਿੰਦਣਯੋਗ ਹਨ । ਉਨ੍ਹਾਂ ਕਿਹਾ ਕਿ ਅਮਰੀਕਾ ਦੀ ਅਗਵਾਈ ਵਿੱਚ ਉਸਰੇ ਨਾਟੋ ਮੁਲਕਾਂ ਦੇ ਫ਼ੌਜੀ ਗੱਠਜੋੜ ਨੂੰ ਯੂਕਰੇਨ ਵਿੱਚ ਹੋ ਰਹੇ ਜਾਨੀ ਤੇ ਮਾਲੀ ਨੁਕਸਾਨ ਦਾ ਫ਼ਿਕਰ ਨਹੀਂ ਹੈ । ਆਗੂਆਂ ਨੇ ਕਿਹਾ ਕਿ ਜੰਗ ਦੌਰਾਨ ਅਮਰੀਕਾ ਵੱਲੋਂ ਆਪਣਾ ਫ਼ੌਜੀ ਅੱਡਾ ਸਥਾਪਤ ਕਰਕੇ ਸੋਵੀਅਤ ਸੰਘ ਨਾਲੋਂ ਅਲੱਗ ਹੋਏ ਦੇਸ਼ਾਂ ਦੀ ਲੁੱਟ ਕਰਨ ਦਾ ਮੁੱਖ ਮਕਸਦ ਹੈ । ਜੰਗ ਵਿੱਚ ਫ਼ੌਜੀ ਸਾਜ਼ੋ ਸਾਮਾਨ ਵੇਚ ਕੇ ਸਾਮਰਾਜੀ ਮਾਲੋ ਮਾਲ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਮੌਜੂਦਾ ਜੰਗ ਵਿੱਚ ਮੁੱਖ ਦੋਸ਼ੀ ਰੂਸੀ ਸਾਮਰਾਜ ਹੈ । ਉਨ੍ਹਾਂ ਕਿਹਾ ਕਿ ਭਾਰਤ ਦੇ ਵਿਦਿਆਰਥੀ ਜਿਹੜੇ ਕਿ ਯੂਕਰੇਨ ਵਿੱਚ ਡਿਗਰੀਆਂ ਹਾਸਿਲ ਕਰਨ ਗਏ ਹੋਏ ਹਨ ਦੀ ਭਾਰਤ ਸਰਕਾਰ ਸਾਰ ਨਹੀਂ ਲੈ ਰਹੀ । ਭਾਰਤ ਸਰਕਾਰ ਯੂ ਪੀ ਚੋਣਾਂ ਵਿਚ ਰੁੱਝੀ ਹੋਈ ਹੈ ਜਦ ਕਿ ਸਾਡੇ ਵਿਦਿਆਰਥੀ ਯੂਕਰੇਨ ਵਿੱਚ ਭੁੱਖੇ ਤਿਹਾਏ ਰਹਿ ਰਹੇ ਹਨ ।
ਰੈਲੀ ਦੌਰਾਨ ਜ਼ੀਰਾ ਮੰਡੀ ਦਾਣਾ ਵਿਖੇ ਮੀਟਿੰਗ ਕਰਦੇ ਲੋਕ ਸੰਗਰਾਮ ਮੋਰਚਾ ਦੇ ਆਗੂ (ਫੋਟੋ : ਅੰਗਰੇਜ ਬਰਾੜ)