ਲਖੀਮਪੁਰ ਖੀਰੀ ਮਾਮਲੇ ‘ਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ
ਚੰਡੀਗੜ੍ਹ, 18 ਮਈ (ਪੰਜਾਬੀ ਜਾਗਰਣ)- ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। 6 ਅਕਤੂਬਰ 2021 ਨੂੰ ਦਰਜ ਕੇਸ ਦੀ ਚੱਲ ਰਹੀ ਸੁਣਵਾਈ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਗਈ ਹੈ। ਦਰਅਸਲ ਲਖੀਮਪੁਰ ਖੀਰੀ ਕਾਂਡ ਖ਼ਿਲਾਫ਼ ਚੰਡੀਗੜ੍ਹ ‘ਚ ਗਵਰਨਰ ਹਾਊਸ ਨੇੜੇ ਧਰਨਾ ਦਿੱਤਾ ਗਿਆ।
ਇਸ ਤੋਂ ਬਾਅਦ 6 ਅਕਤੂਬਰ 2021 ਨੂੰ ‘ਆਪ’ ਨੇਤਾਵਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਦੇ ਖਿਲਾਫ ‘ਆਪ’ ਨੇਤਾ ਲਗਾਤਾਰ ਹਾਈ ਕੋਰਟ ਜਾ ਰਹੇ ਹਨ। ਦੱਸ ਦੇਈਏ ਕਿ ਇਹ ਪ੍ਰਦਰਸ਼ਨ ਲਖੀਮਪੁਰੀ ਖੀਰੀ ਵਿੱਚ ਹੋਈ ਹਿੰਸਾ ਦੇ ਖਿਲਾਫ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ।
ਜਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਲਖੀਮਪੁਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਜਦੋਂ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਉਨ੍ਹਾਂ ਨੂੰ ਲੈਣ ਜਾ ਰਿਹਾ ਸੀ ਤਾਂ ਕੁਝ ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ। ਇਸ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੇ ਕਥਿਤ ਤੌਰ ‘ਤੇ ਇਨ੍ਹਾਂ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੱਤੀ, ਜਿਸ ‘ਚ ਪੰਜ ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ, ਜਦਕਿ ਕੁਝ ਕਿਸਾਨ ਜ਼ਖ਼ਮੀ ਹੋ ਗਏ | ਇਸ ਪੂਰੀ ਘਟਨਾ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਚੰਡੀਗੜ੍ਹ ਵਿੱਚ ਵੀ ਕਿਸਾਨਾਂ ਨੇ ਇਸ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਸੀ।