ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਫੱਟਿਆ ਸਿਲੰਡਰ, ਲੋਕਾਂ ਨੇ ਭੱਜ ਬਚਾਈ ਜਾਨ
ਲੁਧਿਆਣਾ, 2 ਮਈ (ਪੰਜਾਬ ਡਾਇਰੀ) ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਐਤਵਾਰ ਦੁਪਹਿਰ ਨੂੰ ਸਬਜ਼ੀ ਮੰਡੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਸਬਜ਼ੀ ਵਿਕਰੇਤਾਵਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਕਰੀਬ 4:30 ਵਜੇ ਸਬਜ਼ੀ ਮੰਡੀ ਦੇ ਕੂੜੇ ਨੂੰ ਅਚਾਨਕ ਅੱਗ ਲੱਗ ਗਈ।
ਸਥਿਤੀ ਵਿਗੜਦੀ ਦੇਖ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ਲੱਗਣ ਦੇ ਕਰੀਬ 30 ਮਿੰਟ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੀਆਂ 4 ਤੋਂ 5 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਫਾਇਰ ਕਰਮੀਆਂ ਦੇ ਆਉਣ ਤੋਂ ਪਹਿਲਾਂ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਵੀ ਅੱਗ ‘ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਅੱਗ ਲੱਗਣ ਸਮੇਂ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਹੁੰਦੇ ਹੀ ਪੂਰੀ ਸਬਜ਼ੀ ਮੰਡੀ ਹਿੱਲ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ‘ਤੇ ਅੱਗ ਲੱਗੀ, ਉਸ ਥਾਂ ‘ਤੇ ਕਿਸੇ ਦਾ ਗੈਸ ਸਿਲੰਡਰ ਪਿਆ ਸੀ ਅਤੇ ਉਹ ਫਟ ਗਿਆ। ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਆਪਣੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਸਬਜ਼ੀ ਮੰਡੀ ਵਿੱਚ ਹਰ ਸਮੇਂ ਫਾਇਰ ਬ੍ਰਿਗੇਡ ਦੀ ਗੱਡੀ ਖੜ੍ਹੀ ਹੋਣੀ ਚਾਹੀਦੀ ਹੈ। ਅੱਗ ਲੱਗਣ ਦੀ ਇਹ ਘਟਨਾ ਕੋਈ ਨਵੀਂ ਨਹੀਂ ਹੈ। ਲੁਧਿਆਣਾ ਦੀ ਇਸ ਸਬਜ਼ੀ ਮੰਡੀ ਵਿੱਚ ਅਕਸਰ ਅੱਗ ਲੱਗਦੀ ਰਹਿੰਦੀ ਹੈ।