ਲੁਧਿਆਣਾ ਸ਼ਹਿਰ ਦੇ ਸਾਈਕਲ ਉਦਯੋਗ ਸੰਬੰਧੀ ਐਮ.ਪੀ ਅਰੋੜਾ ਨਾਲ ਮੀਟਿੰਗ ਕੀਤੀ
* ਸਾਰੇ ਮਸਲੇ ਸਬੰਧਤ ਅਧਿਕਾਰੀਆਂ ਕੋਲ ਉਠਾਉਣ ਦਾ ਕੀਤਾ ਵਾਅਦਾ
ਲੁਧਿਆਣਾ, 24 ਅਗਸਤ (ਬਾਬੂਸ਼ਾਹੀ)- ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਬੁੱਧਵਾਰ ਸ਼ਾਮ ਨੂੰ ਏਵਨ ਸਾਈਕਲਜ਼ ਲਿਮਟਿਡ ਦੇ ਪਰਿਸਰ ਵਿਖੇ ਸਥਾਨਕ ਉਦਯੋਗਾਂ ਖਾਸ ਕਰਕੇ ਸਾਈਕਲ ਉਦਯੋਗ ਨਾਲ ਮੀਟਿੰਗ ਕੀਤੀ। ਇਹ ਗੱਲਬਾਤ ਓਂਕਾਰ ਪਾਹਵਾ ਦੀ ਪਹਿਲਕਦਮੀ ’ਤੇ ਕਰਵਾਈ ਗਈ।
ਦੋ ਘੰਟੇ ਚੱਲੇ ਇਸ ਸੈਸ਼ਨ ਵਿੱਚ ਸਥਾਨਕ ਸਨਅਤਕਾਰਾਂ ਵੱਲੋਂ ਵੱਖ-ਵੱਖ ਮੁੱਦੇ ਉਠਾਏ ਗਏ। ਅਰੋੜਾ ਨੂੰ ਦੱਸਿਆ ਗਿਆ ਕਿ ਭਾਰਤ ਦਾ ਸਾਈਕਲ ਉਦਯੋਗ ਕਿਸੇ ਸਮੇਂ ਵਿਸ਼ਵ ਪੱਧਰ ‘ਤੇ ਮੋਹਰੀ ਸੀ। ਹਾਲਾਂਕਿ, ਭਾਰਤ ਦਾ ਸਾਈਕਲ ਉਦਯੋਗ ਹੁਣ ਪਛੜ ਰਿਹਾ ਹੈ, ਅਤੇ ਚੀਨ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਉਦਯੋਗ ਦੇ ਦਿੱਗਜਾਂ ਨੇ ਦੱਸਿਆ ਕਿ ਰਾਜ ਅਤੇ ਕੇਂਦਰੀ ਪੱਧਰ ‘ਤੇ ਸਾਈਕਲ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਸਖ਼ਤ ਲੋੜ ਹੈ।
ਸਨਅਤੀ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਈਕਲਿੰਗ ਅਤੇ ਸਾਈਕਲ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਲੁਧਿਆਣਾ ਅਤੇ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਸਾਈਕਲ ਟਰੈਕ ਬਣਾਏ ਜਾਣ। ਹਵਾਈ ਸੰਪਰਕ ਵਿੱਚ ਹੋਰ ਸੁਧਾਰ ਕਰਨ ਤੋਂ ਇਲਾਵਾ ਸੜਕਾਂ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਕਰਨ ਦੀ ਵੀ ਤਾਕੀਦ ਕੀਤੀ ਗਈ।
ਸਨਅਤਕਾਰਾਂ ਵੱਲੋਂ ਸਾਈਕਲ ਸਨਅਤ ਨੂੰ ਹੋਰ ਹੁਲਾਰਾ ਦੇਣ ਦੀ ਮੰਗ ਕੀਤੀ ਗਈ। ਇਹ ਮੰਗ ਕੀਤੀ ਗਈ ਕਿ ਸਰਕਾਰ ਸਾਈਕਲ ਉਦਯੋਗ ਵਿੱਚ ਟੈਕਨੋਲੋਜੀ ਨੂੰ ਅਪਗ੍ਰੇਡ ਕਰਨ ਲਈ ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ (ਟੀ.ਯੂ.ਐਫ.) ਸਕੀਮ ਦਾ ਐਲਾਨ ਕਰੇ।
ਮੀਟਿੰਗ ਵਿੱਚ ਪੀਐਸਪੀਸੀਐਲ, ਪੀਪੀਸੀਬੀ, ਉਦਯੋਗ ਵਿਭਾਗ, ਸਥਾਨਕ ਸੰਸਥਾਵਾਂ ਅਤੇ ਪੀਐਸਆਈਈਸੀ ਨਾਲ ਸਬੰਧਤ ਕਈ ਮੁੱਦੇ ਉਠਾਏ ਗਏ। ਇੱਥੋਂ ਤੱਕ ਕਿ ਕੁਝ ਉਦਯੋਗਪਤੀਆਂ ਵੱਲੋਂ ਬਕਾਇਆ ਵੈਟ ਰਿਫੰਡ ਦੇ ਮੁੱਦੇ ਵੀ ਉਠਾਏ ਗਏ। ਅਰੋੜਾ ਦੇ ਧਿਆਨ ਵਿੱਚ ਜੀਐਸਟੀ ਚੋਰੀ ਦਾ ਮਾਮਲਾ ਵੀ ਲਿਆਂਦਾ ਗਿਆ। ਇਸ ਮੌਕੇ ਫੋਕਲ ਪੁਆਇੰਟਾਂ ਵਿੱਚ ਸੜਕਾਂ ਦੇ ਸੁਧਾਰ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਈ.ਐਸ.ਆਈ ਹਸਪਤਾਲ ਦੇ ਕੰਮਕਾਜ ਅਤੇ ਅਪਗ੍ਰੇਡੇਸ਼ਨ ਦੇ ਮੁੱਦੇ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਅਰੋੜਾ ਨੇ ਉਦਯੋਗ ਦੀ ਭਾਗੀਦਾਰੀ ਨਾਲ ਰੀਸਰਚ ਐਂਡ ਡਿਵੈਲਪਮੈਂਟ (ਆਰ ਐਂਡ ਡੀ) ਸੈਂਟਰ ਨੂੰ ਜਲਦੀ ਤੋਂ ਜਲਦੀ ਕਾਰਜਸ਼ੀਲ ਬਣਾਉਣ ਲਈ ਸਰਕਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਕੰਪਾਊਂਡਿੰਗ ਫੀਸ ਨੀਤੀ, ਈ-ਰਿਕਸ਼ਾ ਰਜਿਸਟ੍ਰੇਸ਼ਨ, ਬੁਨਿਆਦੀ ਢਾਂਚਾ, ਸਮਾਰਟ ਮੀਟਰਾਂ ਦੀ ਸਥਾਪਨਾ ਲਈ ਮਿਤੀ ਵਧਾਉਣ, ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਲਈ ਕਲੱਸਟਰ ਬਣਾਉਣ, ਸੂਰਜੀ ਊਰਜਾ ਦੀ ਪਹੁੰਚ ਅਤੇ ਹੋਰ ਬਹੁਤ ਸਾਰੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਅਰੋੜਾ ਨੇ ਸਨਅਤ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਧੀਰਜ ਨਾਲ ਸੁਣਿਆ ਅਤੇ ਸਾਰੇ ਮਸਲੇ ਕੇਂਦਰ ਅਤੇ ਰਾਜ ਸਰਕਾਰਾਂ ਕੋਲ ਉਠਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਆਪਣੀ ਪਹਿਲਕਦਮੀ ਕਾਰਨ ਪਹਿਲਾਂ ਹੀ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਬਾਰੇ ਵੀ ਦੱਸਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨਿਰਮਾਣ ਅਧੀਨ ਹਲਵਾਰਾ ਹਵਾਈ ਅੱਡਾ, ਲੁਧਿਆਣਾ ਰੇਲਵੇ ਸਟੇਸ਼ਨ ਅਤੇ ਐਲੀਵੇਟਿਡ ਰੋਡ, ਫੋਕਲ ਪੁਆਇੰਟ ਸੜਕਾਂ ਦੀ ਰੀਕਾਰਪੇਟਿੰਗ ਆਦਿ ਸ਼ਾਮਲ ਹਨ।
ਉਨ੍ਹਾਂ ਭਰੋਸਾ ਦਿਵਾਇਆ ਕਿ ਲੁਧਿਆਣਾ ਸ਼ਹਿਰ ਵਿੱਚ ਜਲਦੀ ਹੀ 21 ਕਿਲੋਮੀਟਰ ਲੰਬਾ ਸਾਈਕਲ ਟਰੈਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਾਈਕਲ ਉਦਯੋਗ ਵਿੱਚ ਜੀਐਸਟੀ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦਾ ਮੁੱਦਾ ਵੀ ਉਠਾਉਣਗੇ। ਉਨ੍ਹਾਂ ਉਦਯੋਗਪਤੀਆਂ ਨੂੰ ਰਾਜ ਸਭਾ ਦੇ ਅਗਲੇ ਸੈਸ਼ਨ ਵਿੱਚ ਕੁਝ ਮੁੱਦੇ ਉਠਾਉਣ ਦਾ ਭਰੋਸਾ ਦਿੱਤਾ।
ਓਂਕਾਰ ਸਿੰਘ ਪਾਹਵਾ ਅਤੇ ਮਨਦੀਪ ਪਾਹਵਾ (ਏਵਨ ਸਾਈਕਲਜ਼ ਲਿਮਿਟਿਡ), ਐਸ.ਕੇ. ਰਾਏ (ਹੀਰੋ ਸਾਈਕਲਜ਼ ਲਿਮਿਟਿਡ), ਐਸ.ਐਸ. ਭੋਗਲ (ਭੋਗਲ ਸੇਲਜ਼ ਕਾਰਪੋਰੇਸ਼ਨ), ਉਪਕਾਰ ਸਿੰਘ ਆਹੂਜਾ (ਨਿਊ ਸਵੈਨ ਗਰੁੱਪ), ਪੰਕਜ ਸ਼ਰਮਾ (ਓਸ਼ਾ ਟੂਲਜ਼), ਸੰਜੀਵ ਪਾਹਵਾ (ਰਾਲਸਨ)। ਨਰੇਸ਼ ਸਰੀਨ (ਰੋਲੇਕਸ ਮੈਟਲਜ਼), ਰੋਹਿਤ ਪਾਹਵਾ (ਨੋਵਾ ਸਾਈਕਲ), ਚੇਤਨ ਪਾਹਵਾ (ਏਵਨ ਸਟੀਲ ਪ੍ਰਾਈਵੇਟ ਲਿਮਟਿਡ), ਰਾਕੇਸ਼ ਸਿੰਗਲ (ਈਸਟਮੈਨ), ਮਹੇਸ਼ ਮਿੱਤਲ (ਆਰਤੀ ਸਟੀਲਜ਼ ਲਿਮਟਿਡ), ਸਿਧਾਰਥ ਪਾਹਵਾ (ਏਵਨ ਸਟੀਲ), ਡਾ: ਦੀਪਕ ਜੈਨ (ਏਵਨ ਸਾਈਕਲਜ਼), ਵਿਨੀਤ ਸੂਦ ਆਦਿ ਵੀ ਇਸ ਮੌਕੇ ਹਾਜ਼ਰ ਸਨ।