ਲੇਖਕਾਂ ਵਲੋਂ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਦੀ ਸ਼ਲਾਘਾ, ਕਿਤਾਬਾਂ ਭੇਂਟ
ਫਰੀਦਕੋਟ: ਪੰਜਾਬ ਦੇ ਲੇਖਕਾਂ ਸਾਹਿਤਕਾਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਫਰੀਦਕੋਟ ਦੀ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਆਈ ਏ ਐਸ ਦੇ ਜਿਲੇ ਵਿਚ 50 ਲਾਇਬ੍ਰੇਰੀਆਂ ਖੋਲਣ ਦੇ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ ਹੈ। ਦੇਸ਼ ਬਦੇਸ਼ ਵਿਚ ਵਸਦੇ ਪੰਜਾਬੀ ਦੇ ਉਘੇ ਸਾਹਿਤਕਾਰਾਂ ਨੇ ਡਿਪਟੀ ਕਮਿਸ਼ਨਰ ਡਾ ਰੂਹੀ ਦੀ ਇਸ ਕਾਰਜ ਵਾਸਤੇ ਸ਼ਲਾਘਾ ਕਰਦਿਆਂ ਆਪਣੀਆਂ ਪੁਸਤਕਾਂ ਬਾਬਾ ਫਰੀਦ ਸਭਿਆਚਾਰਕ ਕੇਂਦਰ ਫਰੀਦਕੋਟ ਵਿਖੇ ਸਥਾਪਤ ਲਾਇਬਰੇਰੀ ਲਈ ਭੇਜਣੀਆਂ ਸ਼ੁਰੂ ਕਰ ਦਿਤੀਆਂ ਹਨ। ਇੰਗਲੈਂਡ ਵਸਦੇ ਨਾਮਵਰ ਲੇਖਕ ਗੁਰਚਰਨ ਸੱਗੂ ਨੇ ਆਪਣੀਆਂ ਪੁਸਤਕਾਂ ਦਾ ਸੈਟ ਪ੍ਰਸਿਧ ਲੇਖਕ ਨਿੰਦਰ ਘੁਗਿਆਣਵੀ ਰਾਹੀਂ ਡਿਪਟੀ ਕਮਿਸ਼ਨਰ ਨੂੰ ਪੁਜਦਾ ਕੀਤਾ। ਪੰਜਾਬ ਸਰਕਾਰ ਦੀ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਨੇ ਆਖਿਆ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ ਤੇ ਪੰਜਾਬੀ ਭਾਸ਼ਾ ਦੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਹੁਤ ਵਧੀਆ ਯਤਨ ਹੈ। ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਸਾਡੀ ਅਜੋਕੀ ਨੌਜਵਾਨ ਪੀੜੀ ਡਿਪਟੀ ਕਮਿਸ਼ਨਰ ਦੇ ਇਸ ਉਪਰਾਲੇ ਨਾਲ ਸਾਹਿਤ ਤੇ ਸਭਿਆਚਾਰ ਨਾਲ ਜੁੜ ਸਕੇਗੀ ਤੇ ਇਹੋ ਜਿਹੇ ਉਪਰਾਲੇ ਹਰ ਜਿਲੇ ਵਿਚ ਹੋਣੇ ਚਾਹੀਦੇ ਹਨ। ਪੰਜਾਬ ਦੀ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਵੀ ਯਕੀਨ ਦੁਵਾਇਆ ਕਿ ਉਹ ਬਾਬਾ ਫਰੀਦ ਲਾਇਬਰੇਰੀ ਲਈ ਕਿਤਾਬਾਂ ਦਾ ਵੱਡਾ ਯੋਗਦਾਨ ਪਾਉਣਗੇ। ਫਰੀਦਕੋਟ ਜਿਲੇ ਨਾਲ ਸਬੰਧਿਤ ਲੇਖਕ ਵੀ ਇਸ ਕਾਰਜ ਦੀ ਸਿਫਤ ਕਰਦੇ ਹੋਏ ਆਪੋ ਆਪਣਾ ਸਹਿਯੋਗ ਦੇਣ ਲਈ ਤਿਆਰ ਹੋ ਗਏ ਹਨ। ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਨੇ ਆਖਿਆ ਕਿ ਸਾਹਿਤ ਤੇ ਕਲਾਵਾਂ ਦੇ ਵਿਕਾਸ ਵਾਸਤੇ ਜਿਲੇ ਭਰ ਵਿਚ ਯਤਨ ਜਾਰੀ ਰਹਿਣਗੇ।
ਲੇਖਕਾਂ ਵਲੋਂ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਦੀ ਸ਼ਲਾਘਾ, ਕਿਤਾਬਾਂ ਭੇਂਟ
previous post