Image default
ਤਾਜਾ ਖਬਰਾਂ

ਲੋਕਹਿਤਾਂ ਦਾ ਰਾਖਾ – ਡਾਕਟਰ ਹਰਮਨਪ੍ਰੀਤ ਸਿੰਘ

ਲੋਕਹਿਤਾਂ ਦਾ ਰਾਖਾ – ਡਾਕਟਰ ਹਰਮਨਪ੍ਰੀਤ ਸਿੰਘ

ਸ਼ਖਸੀਅਤ, ਜਿਸ ਤੇ ਮਾਣ ਹੈ !

ਜੀਰੇ ਦੇ ਲਾਗੇ ਪਿੰਡ ਕੱਸੋਆਣਾ ਦੇ ਪਿਤਾ ਬੈਂਕ ਮੈਨੇਜਰ ਸਰਦਾਰ ਹਰਨੇਕ ਸਿੰਘ ਤੇ ਮਾਤਾ ਲੈਕਚਰਾਰ ਅਮਰਜੀਤ ਕੌਰ ਦੇ ਘਰ ਜਨਮ ਲੈਣ ਵਾਲਾ ਹਰਮਨਪ੍ਰੀਤ ਨਾਮ ਦਾ ਹੀ ਨਹੀਂ ਸੱਚ ਦਾ ਹੀ ਹਰਮਨਪ੍ਰੀਤ ਸਾਬਤ ਹੋਇਆ ਏ। ਹਰਮਨਪ੍ਰੀਤ ਜਿੱਥੇ ਬਚਪਨ ਤੋਂ ਹੀ ਪੜ੍ਹਾਈ ‘ਚ ਬਹੁਤ ਹੁਸ਼ਿਆਰ ਸੀ, ਉੱਥੇ ਈ ਘਰ ਵਿੱਚ ਤਰਕਸ਼ੀਲ ਵਿਚਾਰਾਂ ਦੇ ਪ੍ਰਭਾਵ ਕਾਰਨ ਉਸਦੀ ਵਿਗਿਆਨ ਵਿੱਚ ਰੁੱਚੀ ਵੱਧਦੀ ਗਈ। ਛੋਟੇ ਹੁੰਦਿਆਂ ਹੀ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਤ ਸਾਹਿਤ ਤੇ ਕ੍ਰਾਂਤੀਕਾਰੀ ਮੇਲਿਆਂ ਵਿੱਚ ਸ਼ਮੂਲੀਅਤ ਕਰਨ ਕਾਰਨ ਆਮ ਲੋਕਾਂ ਵਿੱਚ ਆਏ ਸਮਾਜਿਕ ਤੇ ਆਰਥਿਕ ਪਾੜੇ ਦੇ ਦਰਦ ਨੇ ਉਸ ਨੂੰ ਧੁਰ-ਅੰਦਰ ਤੱਕ ਝਿੰਜੋੜ ਕੇ ਰੱਖ ਦਿੱਤਾ। ਮਹਾਨ ਗੁਰੂਆਂ ਦੀ ਸ਼ਹਾਦਤ ਬਾਰੇ ਜਾਣਕੇ ਤੇ ‘ਨਿੱਕੀਆਂ ਜਿੰਦਾ, ਵੱਡੇ ਸਾਕੇ’ ਵਰਗੇ ਮਹਾਨ ਕੁਰਬਾਨੀ ਸਮਾਗਮਾਂ ਵਿੱਚ ਜੋਸ਼ੀਲੇ ਗੀਤ ਗਾ ਕੇ ਸ਼ਮੂਲੀਅਤ ਕਰਨ ਤੋਂ ਬਾਅਦ ਹੋਲੀ-ਹੋਲੀ ਉਸਦੇ ਅੰਦਰ ਵੀ ਆਮ ਲੋਕਾਈ ਦੀ ਤਰਸਯੋਗ ਹਾਲਤ ਨੂੰ ਬਦਲਣ ਲਈ ਕੁੱਝ ਕਰਨ ਦੀ ਚੇਟਕ ਜਾਗ ਗਈ। ਹਰਮਨਪ੍ਰੀਤ ਨੇ ਸਖਤ ਮਿਹਨਤ ਕਰਦਿਆਂ ਡਾਕਟਰੀ ਦੇ ਔਖੇ ਕੋਰਸ ਐਮਬੀਬੀਐਸ ਵਿੱਚ ਦਾਖਲਾ ਹਾਸਲ ਕੀਤਾ। ਹਰਮਨਪ੍ਰੀਤ ਵਧੀਆ ਗਾਇਕ ਸੀ ਤੇ ਹੈ, ਉਸਨੇ ਕਾਲਜ ‘ਚ ਜਿੱਥੇ ਕਈ ਗੀਤ ਮੁਕਾਬਲੇ ਜਿੱਤੇ ‘ਤੇ ਉੱਥੇ ਈ ਉਸਦੇ ਰਿਲੀਜ਼ ਹੋਏ ਦੋ ਪੰਜਾਬੀ ਗੀਤ ਵੀ ਕਾਫੀ ਚਰਚਿਤ ਨੇ। ਮੈਡੀਕਲ ਕਾਲਜ ‘ਚ ਹਰਮਨਪ੍ਰੀਤ ਨੂੰ ਸਿਰਫ ਡਾਕਟਰੀ ਦੀ ਡਿਗਰੀ ਹੀ ਨਹੀਂ ਮਿਲੀ ਸਗੋਂ ਉਸ ਵਾਂਗ ਈ ਆਮ ਲੋਕਾਈ ਦੇ ਦਰਦ ਤੋਂ ਪ੍ਰਭਾਵਿਤ ਨਾਲ ਡਾਕਟਰੀ ਕਰਦੀ ਸਿਰਫ ਤਨ ਤੋਂ ਈ ਨਹੀਂ ਮੰਨ੍ਹ ਤੋਂ ਵੀ ਬੇਹੱਦ ਖ਼ੂਬਸੂਰਤ ‘ਤੇ ਹਮਖਿਆਲ ਸਪਨਾ ਡੋਗਰਾ ਵਰਗੀ ਸੁਹਿਰਦ ਤੇ ਸੁਘੜ-ਸਿਆਣੀ ਡਾਕਟਰ ਜੀਵਨਸਾਥਣ ਵੀ ਮਿਲੀ।

ਹਰਮਨਪ੍ਰੀਤ ਦੀ ਪੋਸਟਿੰਗ ਪਹਿਲਾਂ ਤਲਵੰਡੀ ਸਾਬੋ ਫੇਰ ਅਜਨਾਲਾ ਤੇ ਫੇਰ ਭਾਈ ਮੋਹਕਮ ਸਿੰਘ ਸਰਕਾਰੀ ਹਸਪਤਾਲ ਅਮ੍ਰਿਤਸਰ, ਜੋ ਬਹੁਤ ਵੱਡਾ ਹਸਪਤਾਲ ਏ ਉੱਥੇ ਏਮਰਜੰਸੀ ‘ਚ ਹੋ ਗਈ। ਹਰਮਨਪ੍ਰੀਤ ਦੇ ਖੂਨ ਵਿੱਚ ਇਮਾਨਦਾਰੀ ਤੇ ਸਮਰਪਣ ਕੁਟ-ਕੁਟ ਕੇ ਭਰਿਆ ਹੈ। ਇਸ ਐਮਰਜੰਸੀ ‘ਚ ਹਰਮਨਪ੍ਰੀਤ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਪਰ ਇੱਥੇ ਭ੍ਰਿਸ਼ਟਾਚਾਰ ਤੇ ਰਾਜਨੀਤਕ ਦਬਾਅ ਕਾਰਨ ਇਸ ਇਮਾਨਦਾਰ ਡਾਕਟਰ ਨੂੰ ਸਿਸਟਮ ਤੋਂ ‘ਤੇ ਸਿਸਟਮ ਨੂੰ ਡਾਕਟਰ ਹਰਮਨਪ੍ਰੀਤ ਤੋਂ ਦਿਕੱਤ ਹੋਣ ਲੱਗ ਪਈ ਦਰਅਸਲ ਸਰਕਾਰੀ ਐਮਰਜੰਸੀ ‘ਚ ਜਿਆਦਾਤਰ ਕੇਸ ਆਪਸੀ ਲੜਾਈ-ਝਗੜਿਆਂ ਦੇ ਆਉਂਦੇ, ਫੇਰ ਰਾਜਨੀਤਕ ਲੋਕਾਂ ਦਾ ਪਰਚਾ ਬਣਾਉਣ ਜਾਂ ਰੱਦ ਕਰਾਉਣ ਲਈ ਦਬਾਅ ਤੇ ਰਿਸ਼ਵਤ ਦੇ ਖਾਂਚੇ ‘ਚ ਹਰਮਨਪ੍ਰੀਤ ਵਰਗਾ ਬੰਦਾ ਫਿਟ ਨਹੀਂ ਆ ਸਕਦਾ ਸੀ। ਹਰਮਨਪ੍ਰੀਤ ਨੂੰ ਲੱਗਿਆ ਕਿ ਉਹ ਅਸਲ ‘ਚ ਇੱਥੇ ਰਹਿ ਕੇ ਆਮ ਗਰੀਬ ਲੋਕਾਂ ਦੀ ਅਸਲ ਮਦਦ ਨਹੀਂ ਕਰ ਪਾ ਰਿਹਾ ਏ ਤੇ ਫੇਰ ਉਸਦੀ ਡਿਊਟੀ ਓਪੀਡੀ ‘ਚ ਲੱਗ ਗਈ। ਹੁਣ ਹਰਮਨਪ੍ਰੀਤ ਨੂੰ ਆਪਣੀ ਅਸਲ ਜਗ੍ਹਾ ਹਾਸਲ ਹੋ ਗਈ, ਇੱਥੇ ਆਉਂਦਿਆਂ ਈ ਉਸਨੇ ਜਿੱਥੇ ਆਮ ਮਰੀਜ਼ਾਂ ਦੇ ਮੁਫ਼ਤ ਇਲਾਜ਼ ਲਈ ਵਾਹ ਲਾ ਦਿੱਤੀ, ਉੱਥੇ ਹੀ ਆਮ ਲੋਕਾਂ ਨੂੰ ਗਿਰਝਾਂ ਵਾਂਗ ਨੋਚ ਰਹੇ ਮੈਡੀਕਲ ਮਾਫੀਆ ਦੇ ਪਰਦੇ ਵੀ ਖੋਲ੍ਹਣੇ ਸ਼ੁਰੂ ਕਰ ਦਿੱਤੇ। ਉਸਨੇ ਆਪਣੀ ਡਿਊਟੀ ਨੂੰ ਸੇਵਾ ‘ਚ ਈ ਤਬਦੀਲ ਕਰ ਦਿੱਤਾ ਤੇ ਆਪਣੇ ਸਰਕਾਰੀ ਓਪੀਡੀ ਦੇ ਬਾਹਰ ਪਰਚੀ ਚਿਪਕਾ ਦਿੱਤੀ ਕਿ ਇੱਥੇ ਬਾਹਰ ਦੀ ਦਵਾਈ ਨਹੀਂ ਲਿਖੀ ਜਾਂਦੀ।

Advertisement

ਜਿਹੜੀ ਦਵਾਈ ਸਰਕਾਰੀ ਹਸਪਤਾਲ ਨ੍ਹੀਂ ਹੁੰਦੀ, ਡਾਕਟਰ ਹਰਮਨਪ੍ਰੀਤ ਹਮੇਸ਼ਾ ਉਸ ਦਵਾਈ ਦਾ ਸਾਲਟ ਈ ਲਿਖਦਾ ਏ, ਬ੍ਰਾਂਡ ਨ੍ਹੀਂ ਲਿਖਦਾ। ਜਿਸ ਤੋਂ ਆਮ ਲੋਕਾਂ ਦੀ ਲੁੱਟ ਰੁਕਦੀ ਏ। ਡਾਕਟਰਾਂ ਦੇ ਮੈਡੀਕਲ ਤੇ ਲੈਬੋਰਟਰੀਆਂ ਆਲਿਆਂ ਨਾਲ ਕਮਿਸ਼ਨ ਅਧਾਰਿਤ ਗਠਜੋੜ ਨੂੰ ਤੋੜਨ ਲਈ ਹਰਮਨਪ੍ਰੀਤ ਨੇ ਸ਼ਰੇਆਮ ਆਮ ਲੋਕਾਂ ਵਿੱਚ ਵੀ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਜੈਨਰਿਕ ਦਵਾਈਆਂ ਦਾ ਪੰਜ ਰੁਪਈਏ ਆਲਾ ਪੱਤਾ ਵੀ ਪੰਜ ਸੋ ਆਲੇ ਪੱਤੇ ਜਿੰਨਾ ਈ ਕੰਮ ਕਰਦਾ ਏ ‘ਤੇ ਜਦੋਂ ਉਸਨੇ ਫੇਸਬੁੱਕ ਰਾਹੀਂ ਡਾਕਟਰੀ ਦੇ ਪਵਿੱਤਰ ਕਿਤੇ ਵਿੱਚ ਕੈਂਸਰ ਵਾਂਗ ਫੈਲ ਚੁੱਕੀ ਕਮਿਸ਼ਨ ਦੀ ਬਿਮਾਰੀ ਬਾਰੇ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਮੈਡੀਕਲ ਮਾਫੀਆ ਬੌਂਦਲ ਗਿਆ। ਉਸਨੇ ਲੋਕਾਈ ਤੱਕ ਇਹ ਗੱਲ ਪਹੁੰਚਾ ਦਿੱਤੀ ਕਿ ਸਰਕਾਰੀ ਡਾਕਟਰ ਬ੍ਰਾਂਡ ਨਹੀਂ ਲਿੱਖ ਸਕਦੇ ਸਿਰਫ ਸਾਲਟ ਹੀ ਲਿੱਖ ਸਕਦੇ ਨੇ। ਦੇਖਦਿਆਂ ਈ ਦੇਖਦਿਆਂ ਲੋਕ ਵੱਡੇ ਪੱਧਰ ਤੇ ਇਸ ਨੌਜੁਆਨ ਡਾਕਟਰ ਦੇ ਮੁਰੀਦ ਹੋਣ ਲੱਗ ਪਏ। ਹਰਮਨਪ੍ਰੀਤ ਦੇ ਲੋਕਸੇਵਾ ਲਈ ਕੀਤੇ ਜਾ ਰਹੇ ਇਨਕਲਾਬੀ ਯਤਨਾਂ ਨੂੰ ਸੋਸ਼ਲ ਮੀਡੀਆ ਤੇ ਬਹੁਤ ਭਰਵਾਂ ਹੁੰਗਾਰਾ ਮਿਲਿਆ ਤੇ ਉਹ ਬਹੁਤ ਮਸ਼ਹੂਰ ਤੇ ਮਕਬੂਲ ਹੋਣਾ ਸ਼ੁਰੂ ਹੋ ਗਿਆ ਪਰ ਨਾਲ ਦੀ ਨਾਲ ਹੀ ਉਹ ਹੁਣ ਮੈਡੀਕਲ ਮਾਫੀਆ ਦੀ ਅੱਖਾਂ ‘ਚ ਬਹੁਤ ਜਿਆਦਾ ਰੜਕਣ ਲੱਗ ਪਿਆ।

ਹਰ ਪਾਸੇ ਹਰਮਨ-ਹਰਮਨ ਹੋਣ ਲੱਗ ਪਈ ‘ਤੇ ਮਾਫੀਆ ਗਠਜੋੜ ਦਾ ਚਿਹਰਾ ਨੰਗਾ ਹੋਣਾ ਸ਼ੁਰੂ ਹੋ ਗਿਆ। ਇਸੇ ਦੌਰਾਨ ਚੌਣਾਂ ਦਾ ਐਲਾਨ ਹੋ ਗਿਆ। ਚੋਣ ਜਾਬਤੇ ਦੇ ਦੋਰਾਨ ਹੀ ਸ਼ਰੇਆਮ ਧੱਕਾ ਕਰਦੇ ਹੋਏ ਇਸ ਇਮਾਨਦਾਰ ਡਾਕਟਰ ਦੀ ਇਕ ਛੋਟੇ ਜਿਹੇ ਸੈਂਟਰ ‘ਚ ਬਦਲੀ ਕਰ ਦਿੱਤੀ ਗਈ। ਸਿਸਟਮ ਵੱਲੋਂ ਸ਼ਰੇਆਮ ਕੀਤੀ ਇਸ ਧੱਕੇਸ਼ਾਹੀ ਖਿਲਾਫ ਸੋਸ਼ਲ ਮੀਡੀਆ ਤੋਂ ਲੈ ਕੇ ਆਮ ਲੋਕਾਈ ਦੇ ਵਿਰੋਧ ਨੇ ਲੋਕਰੋਹ ਦਾ ਰੂਪ ਲੈਣਾ ਸ਼ੁਰੂ ਕਰ ਦਿੱਤਾ। ਇੱਧਰ ਸਰਕਾਰ ਬਦਲ ਗਈ ਤੇ ਇਸੇ ਮੈਡੀਕਲ ਪ੍ਰਸ਼ਾਸਨ ਨੇ ਘਬਰਾ ਕੇ ਡਰਦਿਆਂ ਥੁੱਕ ਕੇ ਚੱਟਿਆ ਤੇ ਡਾਕਟਰ ਹਰਮਨਪ੍ਰੀਤ ਨੂੰ ਵਾਪਸ ਇਸੇ ਓਪੀਡੀ ‘ਚ ਤਬਦੀਲ ਕਰ ਦਿੱਤਾ। ਮੌਜੂਦਾ ਸਿਹਤ ਮੰਤਰੀ ਵਿਜੈ ਸਿੰਗਲਾ ਜੀ, ਜੋ ਕਿ ਆਪ ਡਾਕਟਰ ਨੇ ਜਦੋਂ ਉਨ੍ਹਾਂ ਨੂੰ ਇਸ ਧੱਕੇਸ਼ਾਹੀ ਸੰਬੰਧੀ ਇਕ ਜਾਗਰੂਕ ਪੱਤਰਕਾਰ ਵੱਲੋਂ ਸਵਾਲ ਪੁੱਛਿਆ ਗਿਆ ਤਾਂ ਉਹਨਾ ਡਾਕਟਰ ਹਰਮਨਪ੍ਰੀਤ ਦੀ ਰੱਜਵੀਂ ਤਰੀਫ ਕਰਦਿਆਂ ਕਿਹਾ ਕਿ ਅਜਿਹੇ ਡਾਕਟਰਾਂ ਨੂੰ ਤਾਂ ਸਨਮਾਨਿਤ ਕਰਨ ਦੀ ਲੋੜ ਏ। ਕਮਿਸ਼ਨ ਦੇ ਪੈਸੇ ਤੋਂ ਸਖਤ ਨਫਰਤ ਕਰਨ ਵਾਲਾ ਡਾਕਟਰ ਹਰਮਨਪ੍ਰੀਤ ਨਾ ਤਾਂ ਆਪ ਕੋਈ ਪ੍ਰਾਈਵੇਟ ਪ੍ਰੈਕਟਿਸ ਕਰਦਾ ਏ ‘ਤੇ ਨਾ ਈ ਉਹ ਪੈਸੇ ਦੇ ਲਾਲਚ ਵਿੱਚ ਗਰੀਬਮਾਰ ਕਰਦਾ ਏ। ਕਈ ਸਰਕਾਰੀ ਡਾਕਟਰ ਜਿੱਥੇ ਮਰੀਜ਼ਾਂ ਦੇ ਆਮ ਈ ਗੱਲ੍ਹ ਪੈ ਜਾਂਦੇ ਨੇ ਉੱਥੇ ਈ ਉਸਦੀ ਸਰਕਾਰੀ ਓਪੀਡੀ ਵਿੱਚ ਮਰੀਜ਼ਾਂ ਦੀ ਰੋਜ਼ਾਨਾਂ ਹੁੰਦੀ ਵੱਡੀ ਭੀੜ ਵਿੱਚੋਂ ਕਈ ਮਰੀਜ਼ ਤਾਂ ਉਸ ਵੱਲੋਂ ਮਿਲੇ ਪਿਆਰ-ਸਤਿਕਾਰ ਤੇ ਮਿੱਠੀ ਬੋਲੀ ਨਾਲ ਈ ਠੀਕ ਹੋ ਜਾਂਦੇ ਨੇ। ਜਦੋਂ ਤੀਕ ਹਰਮਨਪ੍ਰੀਤ ਵਰਗੇ ਡਾਕਟਰ ਇਸ ਪਵਿੱਤਰ ਪੇਸ਼ੇ ਦੀ ਤਰਜਮਾਨੀ ਕਰਦੇ ਰਹਿਣਗੇ ਉਦੋਂ ਤੀਕ ਡਾਕਟਰਾਂ ਨੂੰ ਰੱਬ ਹੀ ਮੰਨਿਆ ਜਾਣਾ ਚਾਹੀਦਾ ਹੈ। ਆਪਣੀ ਪਤਨੀ ਡਾਕਟਰ ਸਪਨਾ ਤੇ ਫੁੱਲ ਵਰਗੀ ਧੀ ਅਯਾਨਾ ਨਾਲ ਸੁੱਖੀ-ਸਾਂਦੀ ਵੱਸਦੀ ਇਹ ਰੱਜੀ ਤੇ ਰੱਬੀ ਰੂਹ ਸਣੇ ਪਰਿਵਾਰ ਹਮੇਸ਼ਾ ਆਬਾਦ ਰਹੇ। ਸ਼ਾਲਾ ਡਾਕਟਰ ਹਰਮਨਪ੍ਰੀਤ ਵਰਗੇ ਡਾਕਟਰ ਹਰੇਕ ਹਸਪਤਾਲ ਦਾ ਸ਼ਿੰਗਾਰ ਬਣਨ, ਜੁਗ-ਜੁਗ ਜੀਓ ਹਰਮਨ ।

ਅਸ਼ੋਕ ਸੋਨੀ, ਕਾਲਮਨਵੀਸ
ਪਿੰਡ ਖੂਈ ਖੇੜਾ, ਫਾਜ਼ਿਲਕਾ
9872705078

Advertisement

Related posts

ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ

punjabdiary

ਬੀਕੇਯੂ ਰਾਜੇਵਾਲ ਨੂੰ ਲੱਗਾ ਵੱਡਾ ਝਟਕਾ, ਪੰਜਾਬ ਦੇ ਦੋ ਨਾਮੀ ਜਿਲਿਆਂ ਨੇ ਤੋੜਿਆ ਨਾਤਾ

punjabdiary

ਫੋਨ ‘ਤੇ ਧਮਕੀਆਂ ਦੇਣ ਵਾਲੀ ਔਰਤ ਨੂੰ ਬਾਘਾਪੁਰਾਣਾ ਪੁਲਿਸ ਨੇ ਕੀਤੀ ਗ੍ਰਿਫਤਾਰ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ,ਅਦਾਲਤ ਵਿੱਚ ਪੇਸ਼ ਕਰ ਲਿਆ ਰਿਮਾਂਡ

punjabdiary

Leave a Comment