ਲੋਕ ਸਭਾ ਚੋਣਾਂ ਵਿਚਾਲੇ ਆਮ ਜਨਤਾ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ, ਆਲੂ, ਪਿਆਜ਼, ਟਮਾਟਰ ਨੇ ਵਧਾਈ ਚਿੰਤਾ
ਚੰਡੀਗੜ੍ਹ, 30 ਜਨਵਰੀ (ਏਬੀਪੀ ਸਾਂਝਾ)- ਆਮ ਲੋਕ ਮਹਿੰਗਾਈ ਦੀ ਮਾਰ ਹੇਠ ਆ ਸਕਦੇ ਹਨ ਕਿਉਂਕਿ ਆਲੂ, ਪਿਆਜ਼, ਟਮਾਟਰ ਵਰਗੀਆਂ ਪ੍ਰਮੁੱਖ ਸਬਜ਼ੀਆਂ ਦੀਆਂ ਕੀਮਤਾਂ ਵਧ ਗਈਆਂ ਹਨ। ਹਾਲ ਹੀ ਦੇ ਹਫਤਿਆਂ ‘ਚ ਇਨ੍ਹਾਂ ਪ੍ਰਮੁੱਖ ਸਬਜ਼ੀਆਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ, ਜਿਸ ਦਾ ਅਸਰ ਮਹਿੰਗਾਈ ਦਰ ‘ਤੇ ਦੇਖਿਆ ਜਾ ਸਕਦਾ ਹੈ।
ਖਪਤਕਾਰ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਜਨਵਰੀ ਦੇ ਅੰਕੜਿਆਂ ਮੁਤਾਬਕ ਆਲੂ ਦੀ ਪ੍ਰਚੂਨ ਦਰ ‘ਚ ਸਾਲਾਨਾ ਆਧਾਰ ‘ਤੇ 33 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਫਿਲਹਾਲ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਦੇ ਨਾਲ ਹੀ ਪਿਆਜ਼ ਦੀ ਪ੍ਰਚੂਨ ਕੀਮਤ 20 ਫੀਸਦੀ ਵਧ ਕੇ 30 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਅਤੇ ਟਮਾਟਰ ਦੀ ਕੀਮਤ ਸਾਲਾਨਾ ਆਧਾਰ ‘ਤੇ 50 ਫੀਸਦੀ ਵਧ ਕੇ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪ੍ਰਚੂਨ ਬਾਜ਼ਾਰ ‘ਚ ਵਿਕ ਰਹੀ ਹੈ। ਕਿਲੋ
ਫਾਈਨੈਂਸ਼ੀਅਲ ਐਕਸਪ੍ਰੈੱਸ ‘ਚ ਛਪੀ ਰਿਪੋਰਟ ਮੁਤਾਬਕ ਅਗਲੇ ਕੁਝ ਮਹੀਨਿਆਂ ‘ਚ ਟਮਾਟਰ ਅਤੇ ਆਲੂ ਵਰਗੀਆਂ ਸਬਜ਼ੀਆਂ ਦੀਆਂ ਕੀਮਤਾਂ ‘ਚ ਹੋਰ ਵਾਧਾ ਹੋ ਸਕਦਾ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ ਟਮਾਟਰ ਅਤੇ ਆਲੂ ਦੀਆਂ ਕੀਮਤਾਂ ਵਿੱਚ 36 ਫੀਸਦੀ ਅਤੇ 20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਜੁਲਾਈ 2023 ‘ਚ ਮਾਨਸੂਨ ਦੀ ਖਰਾਬ ਸਥਿਤੀ ਕਾਰਨ ਟਮਾਟਰ ਦੀਆਂ ਕੀਮਤਾਂ ‘ਚ 202 ਫੀਸਦੀ ਦਾ ਵਾਧਾ ਹੋਇਆ ਸੀ ਅਤੇ ਦੇਸ਼ ਦੇ ਕਈ ਹਿੱਸਿਆਂ ‘ਚ ਇਹ 100 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਵਿਕਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਮੰਡੀ ਵਿਚ ਦਖਲ ਦੇ ਕੇ ਸਪਲਾਈ ਚੇਨ ਨੂੰ ਠੀਕ ਕਰਨ ਲਈ ਕਈ ਥਾਵਾਂ ‘ਤੇ 70 ਰੁਪਏ ਵਿਚ ਟਮਾਟਰ ਵੇਚੇ।
ਪ੍ਰਚੂਨ ਬਾਜ਼ਾਰ ‘ਚ ਪਿਆਜ਼ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦਕਿ ਪਿਛਲੇ ਤਿੰਨ ਮਹੀਨਿਆਂ ‘ਚ ਇਸ ਦੀ ਪ੍ਰਚੂਨ ਕੀਮਤਾਂ ‘ਚ 25 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਕਤੂਬਰ 2023 ‘ਚ ਪਿਆਜ਼ ਦੀ ਕੀਮਤ ‘ਚ 74 ਫੀਸਦੀ ਦਾ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਸਰਕਾਰ ਨੇ 25 ਰੁਪਏ ਦੇ ਹਿਸਾਬ ਨਾਲ ਪਿਆਜ਼ ਵੇਚਣ ਦਾ ਵੀ ਫੈਸਲਾ ਕੀਤਾ ਸੀ।
ਸਰਕਾਰ ਦੇ ਇਨ੍ਹਾਂ ਯਤਨਾਂ ਕਾਰਨ ਹੁਣ ਨਾਸਿਕ ਮੰਡੀ ਵਿੱਚ ਪਿਆਜ਼ ਦੀ ਕੀਮਤ 1000 ਰੁਪਏ ਪ੍ਰਤੀ ਕੁਇੰਟਲ ਤੱਕ ਆ ਗਈ ਹੈ ਜੋ ਮਹੀਨੇ ਦੀ ਸ਼ੁਰੂਆਤ ਵਿੱਚ 2000 ਰੁਪਏ ਪ੍ਰਤੀ ਕੁਇੰਟਲ ਸੀ। ਮਹਿੰਗਾਈ ਦਰ ਵਿੱਚ ਟਮਾਟਰ, ਆਲੂ ਅਤੇ ਪਿਆਜ਼ ਦਾ ਹਿੱਸਾ 0.6 ਫੀਸਦੀ, 1 ਫੀਸਦੀ ਅਤੇ 0.6 ਫੀਸਦੀ ਹੈ। ਅਜਿਹੇ ‘ਚ ਜੇਕਰ ਇਨ੍ਹਾਂ ਸਬਜ਼ੀਆਂ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਹੈ ਤਾਂ ਇਸ ਦਾ ਅਸਰ ਖੁਰਾਕੀ ਮਹਿੰਗਾਈ ‘ਤੇ ਜ਼ਰੂਰ ਦਿਖਾਈ ਦੇਵੇਗਾ।