ਵਰਕਸ਼ਾਪ ਤੋਂ ਕਿਰਾਏ ਤੇ ਰੋਟਾਵੇਟਰ ਲੈ ਕੇ ਹੋਏ ਫਰਾਰ
ਤਰਨਤਾਰਨ, 8 ਮਾਰਚ – (ਗੁਰਕੀਰਤ ਸਿੰਘ ਸਕੱਤਰਾ) ਥਾਣਾ ਵਲਟੋਹਾ ਦੇ ਅਧੀਨ ਪੈਂਦੇ ਕਸਬਾ ਵਲਟੋਹਾ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਖੇਤੀ ਸੰਦਾ ਦੀ ਵਰਕਸ਼ਾਪ ਤੋਂ ਦੋ ਵਿਅਕਤੀ ਇਹ ਕਹਿ ਕਿ ਰੋਟਾਵੇਟਰ ਲੈ ਗਏ ਕਿ ਸਾਨੂੰ ਇਹ ਖੇਤਾ ਵਿੱਚ ਕੰਮ ਕਰਨ ਲਈ ਕਿਰਾਏ ਤੇ ਚਾਹੀਦਾ ਹੈ। ਉਸ ਤੋਂ ਬਾਅਦ 4 ਦਿਨ ਗੁਜਰ ਜਾਣ ਦੇ ਬਾਵਜੂਦ ਉਨਾਂ ਵਿਅਕਤੀਆਂ ਦਾ ਕੋਈ ਅਤਾ-ਪਤਾ ਨਹੀਂ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਰਕਸ਼ਾਪ ਦੇ ਮਾਲਕ ਜਸਬੀਰ ਸਿੰਘ ਨੇ ਦੱਸਿਆ ਕਿ ਮੈਂ ਪਿੰਡ ਸਕੱਤਰਾ ਦਾ ਰਹਿਣ ਵਾਲਾ ਹਾਂ, ਮੇਰੀ ਅੱਡਾ ਵਲਟੋਹਾ ਵਿੱਚ ਤਕਰੀਬਨ 25/30 ਸਾਲ ਤੋਂ ਵਰਕਸ਼ਾਪ ਹੈ, ਇੱਥੋ ਲੋਕ ਵਾਹੀਯੋਗ ਸੰਦ ਕਿਰਾਏ ਤੇ ਲਿਜਾਂਦੇ ਹਨ। ਪਰ ਹੁਣ ਤੱਕ ਇਸ ਤਰਾਂ ਦੀ ਕੋਈ ਵਾਰਦਾਤ ਨਹੀਂ ਹੋਈ।ਉਹਨਾਂ ਨੇ ਕਿਹਾ ਕਿ ਘਟਨਾਕ੍ਰਮ ਵਾਲੇ ਦਿਨ ਉਹ ਕਿਤੇ ਬਾਹਰ ਕੰਮ ਗਏ ਹੋਏ ਸਨ, ਦੁਕਾਨ ਤੇ ਉਹਨਾਂ ਦਾ ਭਤੀਜਾ ਗੁਰਸਿਮਰਨ ਸਿੰਘ ਅਤੇ ਨਾਲ ਕੰਮ ਕਰਦਾ ਲੜਕਾ ਗੁਰਜੰਟ ਸਿੰਘ ਮੌਜੂਦ ਸਨ, ਉਹਨਾਂ ਦੇ ਦੱਸਣ ਮੁਤਾਬਕ 2 ਨੌਜਵਾਨ ਉਨਾਂ ਦੀ ਵਰਕਸ਼ਾਪ ਤੇ 5911 (HMT) ਟਰੈਕਟਰ ਲੈ ਕੇ ਆਏ ਤੇ ਕਹਿਣ ਲੱਗੇ ਕਿ ਸਾਨੂੰ ਰੋਟਾਵੇਟਰ ਕਿਰਾਏ ਤੇ ਚਾਹੀਦਾ ਹੈ ਖੇਤਾ ਵਿੱਚ ਕੰਮ ਕਰਨ ਲਈ। ਮੇਰੇ ਭਤੀਜੇ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਦੋ ਵਿਅਕਤੀ ਰੋਟਾਵੇਟਰ ਕਿਰਾਏ ਲਈ ਲੈਣ ਆਏ ਹਨ, ਮੈਂ ਆਪਣੇ ਭਤੀਜੇ ਨੂੰ ਕਿਹਾ ਕਿ ਇਹਨਾਂ ਦਾ ਨਾਮ ਪਤਾ ਲਿਖ ਕੇ ਰੋਟਾਵੇਟਰ ਦੇ ਦਿਉ। ਇੱਕ ਵਿਅਕਤੀ ਨੇ ਆਪਣਾ ਨਾਮ ਗੁਰਜੀਤ ਸਿੰਘ ਅਤੇ ਪਿੰਡ ਛੰਨਾ ਦੱਸਿਆ। ਉਨਾਂ ਵਿਅਕਤੀਆਂ ਨੇ ਆਪਣਾ ਨਾਮ ਪਤਾ ਅਤੇ ਫੋਨ ਨੰਬਰ ਗਲਤ ਲਿਖਾਇਆ ਹੈ। ਨਾ ਤਾਂ ਮੋਬਾਈਲ ਨੰਬਰ ਲੱਗ ਰਿਹਾ ਹੈ ਤੇ ਨਾਂ ਹੀ ਉਨ੍ਹਾਂ ਵਿਅਕਤੀਆਂ ਦੁਆਰਾ ਦੱਸਿਆ ਗਿਆ ਪਤਾ ਸਹੀ ਹੈ। ਉਨਾਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਚੋਰਾਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਏ ਐਸ ਆਈ ਕੇਵਲ ਸਿੰਘ ਦਾ?
ਇਸ ਮਸਲੇ ਬਾਰੇ ਜਦੋਂ ਥਾਣਾ ਵਲਟੋਹਾ ਦੇ ਏ ਐਸ ਆਈ ਕੇਵਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੀ ਸੀ ਟੀਵੀ ਫੁਟੇਜ ਦੇ ਆਧਾਰ ਤੇ ਪੜਤਾਲ ਕੀਤੀ ਜਾ ਰਹੀ ਹੈ। ਜਿਨਾਂ ਰਸਤਿਆ ਵੱਲ ਇਹ ਚੋਰ ਗਏ ਹਨ ਉਥੋ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਲਦ ਹੀ ਚੋਰਾਂ ਦਾ ਪਤਾ ਲਗਾ ਲਿਆ ਜਾਵੇਗਾ।