ਵਾਤਾਵਰਣ ਦੀ ਸਾਂਭ ਸੰਭਾਲ ਹਰ ਮਨੁੱਖ ਦਾ ਨੈਤਿਕ ਫਰਜ਼ – ਸੇਖੋਂ
ਫਰੀਦਕੋਟ, 6 ਜੂਨ (ਪੰਜਾਬ ਡਾਇਰੀ)- ਵਾਤਾਵਰਣ ਦੀ ਸਾਂਭ ਸੰਭਾਲ ਹਰ ਮਨੁੱਖ ਦਾ ਨੈਤਿਕ ਫਰਜ਼ ਹੈ। ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਦਰਤੀ ਸੋਮਿਆਂ ਨੂੰ ਬਚਾ ਕੇ ਰੱਖਣ ਦੀ ਅਹਿਮ ਲੋੜ ਹੈ ਤਾਂ ਜੋ ਪ੍ਰਦੂਸਨ ਮੁਕਤ ਵਾਤਾਵਰਨ ਬਣਿਆ ਰਹੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਵਿਸ਼ਵ ਵਾਤਾਵਰਨ ਦਿਵਸ ਤੇ ਫਰੀਦਕੋਟ ਛਾਉਣੀ ਵਿਖੇ 150 ਪੌਦੇ ਲਗਾਉਣ ਉਪਰੰਤ ਕੀਤਾ।
ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਹਰ ਨਾਗਰਿਕ ਨੂੰ ਪੌਦੇ ਲਗਾਉਣ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆ ਨੂੰ ਪੌਦਿਆਂ ਦੀ ਮਨੁੱੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਆਲਾ-ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਅਸੀਂ ਸੰਜੀਦਗੀ ਨਾਲ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਈਏ ਅਤੇ ਆਪਣੀ ਧਰਤੀ ਮਾਂ ਤੇ ਵਾਤਾਵਰਣ ਦੀ ਸੰਭਾਲ ਲਈ ਨਿੱਜੀ ਅਤੇ ਸਮੂਹਿਕ ਉਪਰਾਲੇ ਕਰੀਏ।
ਇਸ ਮੌਕੇ ਸ੍ਰੀ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ,ਸ਼੍ਰੀ ਗੁਰਤੇਜ ਸਿੰਘ ਖੋਸਾ ਇੰਮਪਰੂਵਮੈਂਟ ਟਰੱਸਟ ਫਰੀਦਕੋਟ,ਵਣ ਰੇਂਜ ਅਫਸਰ ਫਰੀਦਕੋਟ ਸ੍ਰੀ ਚਮਕੌਰ ਸਿੰਘ ਅਤੇ ਸਟਾਫ ਫਰੀਦਕੋਟ ਰੇਂਜ ਵੀ ਹਾਜ਼ਰ ਸਨ।