ਵਿਦਿਆਰਥੀ ਤੋਂ ਰਿਸ਼ਵਤ ਲੈਂਦੀ ਸਹਾਇਕ ਪ੍ਰੋਫੈਸਰ ਕਾਬੂ, ਯੂਨੀਵਰਸਿਟੀ ਪ੍ਰਸ਼ਾਸਨ ਨੇ ਟਰੈਪ ਲਗਾ ਕੇ ਫੜਿਆ ਮੁਲਜ਼ਮ
ਪਟਿਆਲਾ, 28 ਜੂਨ (ਪੰਜਾਬੀ ਜਾਗਰਣ)- ਪੰਜਾਬੀ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਤਰੁਣੀ ਬਾਲਾ ਨੂੰ ਪੇਪਰ ’ਚ ਨੰਬਰ ਵਧਾਉਣ ਲਈ ਵਿਦਿਆਰਥੀ ਤੋਂ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਟਰੈਪ ਲਗਾ ਕੇ ਉਸ ਨੂੰ ਫੜਿਆ। ਵੀਸੀ ਪ੍ਰੋ. ਅਰਵਿੰਦ ਨੇ ਦੱਸਿਆ ਕਿ ਦੇਸ਼ ਭਗਤ ਕਾਲਜ ਬਰੜਵਾਲ ’ਚ ਤਾਇਨਾਤ ਸਹਾਇਕ ਪ੍ਰੋਫੈਸਰ ਤਰੁਣੀ ਬਾਲਾ ਨੇ ਇਕ ਵਿਦਿਆਰਥੀ ਨੂੰ ਫੋਨ ’ਤੇ ਕਿਹਾ ਕਿ ਉਹ ਬੀਏ ਅੰਗਰੇਜ਼ੀ ਦੇ ਪੇਪਰ ਵਿਚ ਨੰਬਰ ਵਧਾਉਣਾ ਚਾਹੁੰਦਾ ਹੈ ਤਾਂ ਬੱਸ ਅੱਡੇ ਕੋਲ ਮਿਲੇ। ਵਿਦਿਆਰਥੀ ਨੇ ਉਸ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰ ਕੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੌਂਪ ਦਿੱਤਾ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਹਾਇਕ ਪ੍ਰੋਫੈਸਰ ਤਰੁਣੀ ਨੂੰ ਰੰਗੇ ਹੱਥੀਂ ਫੜਨ ਲਈ ਟੀਮ ਦਾ ਗਠਨ ਕੀਤਾ। ਤਰੁਣੀ ਜਦੋਂ ਪਤੀ ਤੇ ਬੱਚਿਆਂ ਨਾਲ ਕਾਰ ਵਿਚ ਬੱਸ ਅੱਡੇ ’ਤੇ ਪੁੱਜੀ ਅਤੇ ਵਿਦਿਆਰਥੀ ਨੂੰ ਆਂਸਰਸ਼ੀਟ ਦਿਖਾ ਕੇ 3500 ਰੁਪਏ ਲੈਣ ਲੱਗੀ ਤਾਂ ਯੂਨੀਵਰਸਿਟੀ ਟੀਮ ਨੇ ਉਸ ਨੂੰ ਫੜ ਲਿਆ। ਆਂਸਰਸ਼ੀਟ ਵੀ ਜ਼ਬਤ ਕਰ ਲਈ ਗਈ ਹੈ। ਵੀਸੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪੂਰੇ ਮਾਮਲੇ ਦੀ ਵੀਡੀਓਗ੍ਰਾਫੀ ਅਤੇ ਰਿਕਾਰਡਿੰਗ ਕੀਤੀ ਗਈ ਹੈ। ਮਾਮਲੇ ਨੂੰ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।