ਵਿਧਾਇਕਾ ਦੇ ਗੰਨਮੈਨ ਵਰਦੀ ਸਣੇ ਸ੍ਰੀ ਦਰਬਾਰ ਸਾਹਿਬ ‘ਚ ਹੋਏ ਦਾਖਲ, ਵਿਰੋਧੀਆਂ ਨੇ ਜਤਾਇਆ ਇਤਰਾਜ਼
ਸ਼੍ਰੀ ਅਮ੍ਰਿਤਸਰ ਸਾਹਿਬ, 4 ਜਨਵਰੀ (ਰੋਜਾਨਾ ਸਪੋਕਸਮੈਨ)- ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੇ ਗੰਨਮੈਨ ਵਲੋਂ ਵਰਦੀ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾਣ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਨਾਲ ਸਬੰਧਤ ਫੋਟੋ-ਵੀਡੀਉ ਸਾਂਝੀ ਕਰਕੇ ਇਸ ਸਾਰੀ ਘਟਨਾ ’ਤੇ ਇਤਰਾਜ਼ ਪ੍ਰਗਟਾਇਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਲਜਿੰਦਰ ਕੌਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
ਬਠਿੰਡਾ ਜ਼ਿਲ੍ਹੇ ਦੀ ਤਲਵੰਡੀ ਸਾਬੋ ਸੀਟ ਤੋਂ ‘ਆਪ’ ਵਿਧਾਇਕ ਬਲਜਿੰਦਰ ਕੌਰ ਅਪਣੇ ਪਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਸਨ। ਸਿੱਖ ਮਰਿਆਦਾ ਅਨੁਸਾਰ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਿਸੇ ਵੀ ਗੁਰਦੁਆਰੇ ਵਿਚ ਸਰਕਾਰੀ ਵਰਦੀ ਪਾ ਕੇ ਜਾਂ ਸਰਕਾਰੀ ਹਥਿਆਰ ਲੈ ਕੇ ਦਾਖ਼ਲ ਨਹੀਂ ਹੁੰਦਾ। ਸਿੱਖ ਪੰਥ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਨੇ 1984 ਵਿਚ ਸਾਕਾ ਨੀਲਾ ਤਾਰਾ ਤੋਂ ਬਾਅਦ ਅਜਿਹਾ ਕਰਨ ਦੀ ਜ਼ੁਬਾਨੀ ਮਨਾਹੀ ਕਰ ਦਿਤੀ ਸੀ।
ਖ਼ਬਰਾਂ ਮੁਤਾਬਕ ਵਿਧਾਇਕਾ ਬਲਜਿੰਦਰ ਕੌਰ ਦੀ ਟੀਮ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਸਿਰਫ਼ ਦਰਬਾਰ ਸਾਹਿਬ ਪਰਿਕਰਮਾ ਵਿਚ ਮੌਜੂਦ ਸਨ, ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਗਏ। ਪਰਿਕਰਮਾ ਵਿਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਅਪਣੀਆਂ ਬੈਲਟਾਂ ਅਤੇ ਬਾਕੀ ਚੀਜ਼ਾਂ ਉਤਾਰ ਦਿਤੀਆਂ ਸਨ।