ਵਿਧਾਇਕ ਗੁਰਦਿੱਤ ਸੇਖੋਂ ਨੇ ਕੀਤਾ ਫ਼ਰੀਦਕੋਟ ਸੈਂਟਰਲ ਜੇਲ੍ਹ ਦਾ ਦੌਰਾ
ਕਿਹਾ, ਜੇਲ੍ਹ ਅਨੁਸ਼ਾਸ਼ਨ ਨਿਯਮਾਂ ‘ਚ ਕੋਈ ਵੀ ਕੁਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਫ਼ਰੀਦਕੋਟ, ਮਈ 2 – ਆਮ ਆਦਮੀ ਪਾਰਟੀ (ਆਪ) ਦੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਫ਼ਰੀਦਕੋਟ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਜੇਲ੍ਹ ਸੁਪਰਡੈਂਟ ਜੋਗਿੰਦਰ ਪਾਲ ਅਤੇ ਫ਼ਰੀਦਕੋਟ ਦੇ ਐੱਸ.ਡੀ.ਐੱਮ ਮੈਡਮ ਬਲਜੀਤ ਕੌਰ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਜੇਲ੍ਹ ਮਾਫੀਆ ਨੂੰ ਜੜੋਂ ਖ਼ਤਮ ਕਰੇਗੀ ਅਤੇ ਨਿਯਮਾਂ ਨੂੰ ਛਿਕੇ ਟੰਗ ਕੇ ਦਿੱਤੇ ਜਾਂਦੇ ਸਪੈਸ਼ਲ ਟਰੀਟਮੈਂਟਸ ਨੂੰ ਖ਼ਤਮ ਕੀਤਾ ਜਾਵੇਗਾ।
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਇੱਥੇ ਜੇਲ੍ਹ ਅਧਿਕਾਰੀਆਂ ਦੇ ਨਾਲ ਨਾਲ ਕੈਦੀਆਂ ਅਤੇ ਹਵਾਲਾਤੀਆਂ ਦੀ ਸਮੱਸਿਆਵਾਂ ਵੀ ਸੁਣੀਆਂ। ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਪਿਛਲੀ ਸਰਕਾਰਾਂ ਦੌਰਾਨ ਜੇਲ੍ਹ ਦੇ ਸੋਲਰ ਸਿਸਟਮ ਦਾ ਕੰਮ ਰੁਕਵਾ ਦਿੱਤਾ ਗਿਆ ਸੀ ਜਿਸਨੂੰ ਮੁੜ ਚਾਲੂ ਕਰਵਾਉਣ ਦੇ ਨਾਲ ਨਾਲ ਪੀਣ ਵਾਲੇ ਸਾਫ਼ ਪਾਣੀ ਦੇ ਬਿਹਤਰ ਪ੍ਰਬੰਧ ਦੀ ਮੰਗ ਵੀ ਰੱਖੀ। ਆਪ ਆਗੂ ਨੇ ਇਹ ਮੰਗਾਂ ਜੇਲ੍ਹ ਮੰਤਰੀ ਅਤੇ ਵਿਭਾਗ ਤੱਕ ਪਹੁੰਚਾਉਣ ਅਤੇ ਇਹਨਾਂ ‘ਤੇ ਜਲਦ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ।
ਗੁਰਦਿੱਤ ਸਿੰਘ ਸੇਖੋਂ ਨੇ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਨੁਸ਼ਾਸ਼ਨ ਵਿੱਚ ਕਿਸੇ ਵੀ ਤਰ੍ਹਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਜੇਲ੍ਹ ਮਾਫੀਆ ਦੀਆਂ ਜੜਾਂ ਬਹੁਤ ਫੈਲ ਚੁਕੀਆਂ ਹਨ ਅਤੇ ਨਾਜਾਇਜ਼ ਗਤੀਵਿਧੀਆਂ ਵੀ ਵਧੀਆਂ । ਪਰ, ਆਪ ਸਰਕਾਰ ਨੇ ਇਹਨਾਂ ‘ਤੇ ਨਕੇਲ ਕਸਣ ਲਈ ਜ਼ੋਰਦਾਰ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਲ ਕੈਦੀਆਂ, ਬੰਦੀਆਂ ਤੋਂ ਪਿਛਲੇ ਇਕ ਮਹੀਨੇ ਦੌਰਾਨ 351 ਮੋਬਾਈਲ ਫੋਨ ਅਤੇ 207 ਸਿਮ ਬਰਾਮਦ ਕੀਤੇ ਅਤੇ 86 ਮਾਮਲੇ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਟੀਚਾ ਹੈ ਕਿ 6 ਮਹੀਨੇ ਅੰਦਰ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਮੋਬਾਈਲ ਫੋਨ ਮੁਕਤ ਹੋਣ ਅਤੇ ਇਸ ਵਿੱਚ ਇਮਾਨਦਾਰ ਜੇਲ੍ਹ ਪ੍ਰਸ਼ਾਸ਼ਨ ਦੀ ਭੂਮਿਕਾ ਅਹਿਮ ਰੋਲ ਰਹੇਗੀ।