ਵਿਧਾਇਕ ਗੁਰਦਿੱਤ ਸੇਖੋਂ ਵੱਲੋਂ ਸਰਕਾਰੀ ਸਕੂਲ ਵੀਰੇਵਾਲਾ ਖੁਰਦ ਦਾ ਦੌਰਾ
ਬੱਚਿਆਂ ਨੂੰ ਫਰੀ ਸਕੂਲ ਲਿਆਉਣ/ਲਿਜਾਣ ਵਾਲੀ ਵੈਨ ਨੂੰ ਹਰੀ ਝੰਡੀ ਦਿੱਤੀ
ਸਕੂਲ ਦੀ ਨਵੇਂ ਕਲਾਸ ਰੂਮਾਂ ਦੀ ਮੰਗ ਨੂੰ ਵੀ ਜਲਦ ਕੀਤਾ ਜਾਵੇਗਾ ਪੂਰਾ-ਸੇਖੋਂ
ਫ਼ਰੀਦਕੋਟ, 6 ਅਪ੍ਰੈਲ – (ਗੁਰਮੀਤ ਸਿੰਘ ਬਰਾੜ) ਐੱਮ.ਐੱਲ.ਏ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਅੱਜ ਵੀਰੇਵਾਲਾ ਖੁਰਦ ਦੇ ਸਰਕਾਰੀ ਮਿਡਲ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਸਟਾਫ਼ ਤੇ ਮੈਨੇਜਮੈਂਟ ਕਮੇਟੀ ਵੱਲੋਂ ਕੀਤੇ ਕੰਮਾਂ ‘ਤੇ ਸੰਤੁਸ਼ਟੀ ਜਤਾਈ। ਇਸ ਮੌਕੇ ਸਕੂਲ ਸਟਾਫ, ਪੰਚਾਇਤ ਅਤੇ ਡੀ.ਈ.ਓ. ਵੱਲੋਂ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਸ. ਗੁਰਦਿੱਤ ਸੇਖੋਂ ਨੇ ਕਿਹਾ ਕਿ ਸਿੱਖਿਆ ‘ਆਪ’ ਸਰਕਾਰ ਲਈ ਇੱਕ ਸੰਜੀਦਾ ਮੁੱਦਾ ਹੈ ਖਾਸ ਕਰ ਸਰਕਾਰੀ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਕਰਨਾ। ਇਸ ਲਈ ਉਹ ਵੀਰੇਵਾਲਾ ਮਿਡਲ ਸਕੂਲ ਨੂੰ ਪੰਜਾਬ ਦਾ ਨੰਬਰ ਇੱਕ ਮਿਡਲ ਸਕੂਲ ਬਣਾਉਣ ਲਈ ਹਰ ਸੰਭਵ ਮਦਦ ਕਰਨਗੇ। ਵਿਧਾਇਕ ਗੁਰਦਿੱਤ ਸੇਖੋਂ ਨੇ ਇਥੇ ਅੱਜ ਇੱਕ ਫ੍ਰੀ ਟਰਾਂਸਪੋਰਟੇਸ਼ਨ ਸਰਵਿਸ ਨੂੰ ਵੀ ਹਰੀ ਝੰਡੀ ਦਿੱਤੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਇਸ ਸ਼ਲਾਘਾਯੋਗ ਕਦਮ ਲਈ ਪ੍ਰਸ਼ੰਸ਼ਾ ਕੀਤੀ। ਵੀਰੇਵਾਲਾ ਖੁਰਦ ਦੇ ਸਰਕਾਰੀ ਸਕੂਲ ਵਿੱਚ ਨਾਲ ਦੇ ਪਿੰਡਾਂ ਤੋਂ ਵੀ ਬੱਚੇ ਪੜ੍ਹਨ ਆਉਂਦੇ ਹਨ ਅਤੇ ਬੱਚਿਆਂ ਦੀ ਸਹੂਲਤ ਨੂੰ ਦੇਖਦਿਆਂ ਸਕੂਲ ਵੱਲੋਂ ਵੈਨ ਸਰਵਿਸ ਚਾਲੂ ਕੀਤੀ ਗਈ ਹੈ ਜੋ ਫ੍ਰੀ ਵਿੱਚ ਵਿਦਿਆਰਥੀਆਂ ਨੂੰ ਸਕੂਲ ਲਿਆਇਆ ਤੇ ਘਰ ਛੱਡਿਆ ਕਰੇਗੀ। ਇਸ ਮੌਕੇ ਬੋਲਦਿਆਂ ਉਨ੍ਹਾਂ ਸਕੂਲ ਸਟਾਫ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਮਾਣ ਜਤਾਇਆ ਕਿ ਫ਼ਰੀਦਕੋਟ ਦਾ ਇੱਕ ਸਰਕਾਰੀ ਮਿਡਲ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਹੂਲਤਾਂ ਦੇ ਰਿਹਾ ਹੈ। ਉਨ੍ਹਾਂ ਨੇ ਸਕੂਲ ਸਟਾਫ ਨਾਲ ਸਕੂਲ ਦੀ ਸਾਇੰਸ ਲੈਬ, ਕੰਪਿਊਟਰ ਲੈਬ ਅਤੇ ਸਮਾਰਟ ਰੂਮ ਦਾ ਦੌਰਾ ਕੀਤਾ ਅਤੇ ਕਿਹਾ ਕਿ ਇਹ ਫ਼ਰੀਦਕੋਟ ਦਾ ਨੰਬਰ ਇੱਕ ਸਕੂਲ ਹੈ ਅਤੇ ਉਹ ਇਸਨੂੰ ਪੰਜਾਬ ਦਾ ਨੰਬਰ ਇੱਕ ਸਕੂਲ ਬਣਾਉਣ ਲਈ ਹਰ ਸੰਭਵ ਮਦਦ ਦੇਣਗੇ। ਸਕੂਲ ਵਿੱਚ ਵਧਦੀ ਵਿਦਿਆਰਥੀਆਂ ਦੀ ਗਿਣਤੀ ਦੇ ਮੱਦੇਨਜ਼ਰ ਸਕੂਲ ਵੱਲੋਂ ਵਿਧਾਇਕ ਅੱਗੇ ਨਵੇਂ ਕਲਾਸ ਕਮਰੇ ਬਣਵਾਉਣ ਦੀ ਮੰਗ ਕੀਤੀ ਗਈ। ਜਿਸ ਬਾਰੇ ਵਿਧਾਇਕ ਨੇ ਕਿਹਾ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪ੍ਰਾਈਵੇਟ ਸਕੂਲ ਛੱਡ ਜ਼ਿਆਦਾ ਤੋਂ ਜ਼ਿਆਦਾ ਬੱਚੇ ਇਸ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈ ਰਹੇ ਹਨ ਅਤੇ ਸਕੂਲ ਦੀ ਹੋਰ ਕਲਾਸ ਰੂਮ ਬਣਵਾਉਣ ਦੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ।