ਵਿਧਾਇਕ ਜੈਤੋ ਨੇ ਪਿੰਡ ਰਣ ਸਿੰਘ ਵਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ
ਫਰੀਦਕੋਟ 19 ਮਈ – ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਫਰੀਦਕੋਟ ਜਿਲ੍ਹੇ ਵਿੱਚ ਝੋਨੇ ਅਤੇ ਬਾਸਮਤੀ ਦੀ ਸਿਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ, ਭੂਮੀ ਰੱਖਿਆ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਬਾਗਬਾਨੀ ਵਿਭਾਗ ਦੇ 81 ਮੁਲਾਜ਼ਮ ਵੱਖ-ਵੱਖ ਪਿੰਡਾਂ ਵਿੱਚ ਬਤੌਰ ਕਲਸਟਰ ਅਫਸਰ ਨਿਯੁਕਤ ਕੀਤੇ ਗਏ ਹਨ। ਜਿਲ੍ਹੇ ਵਿੱਚ ਅੰਦਾਜਨ 1,14,000 ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਵਿੱਚ ਡੀ.ਐਸ.ਆਰ ਅਧੀਨ 40,000 ਹੈਕਟੇਅਰ ਰਕਬੇ ਦਾ ਟੀਚਾ ਅਲਾਟ ਹੋਇਆ ਹੈ। ਇਸ ਦੇ ਮੱਦੇਨਜ਼ਰ ਪਿੰਡ ਰਣ ਸਿੰਘ ਵਾਲਾ ਬਲਾਕ ਕੋਟਕਪੂਰਾ ਦੇ ਅਗਾਂਹਵਧੂ ਕਿਸਾਨ ਗੁਬਿੰਦਰ ਸਿੰਘ ਵਾਲੀਆ ਦੇ ਖੇਤ ਵਿੱਚ ‘ਖੇਤ ਦਿਵਸ’ ਮਨਾਉਂਦੇ ਹੋਏ ਕਈ ਪਿੰਡਾਂ ਦੇ ਕਿਸਾਨਾਂ ਦੀ ਹਾਜ਼ਰੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਤੇ ਵਿਧਾਇਕ ਹਲਕਾ ਜੈਤੋ ਸ੍ਰੀ ਅਮੋਲਕ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਕਰਨ। ਇਸ ਦੌਰਾਨ ਵਿਧਾਇਕ ਨੇ ਆਪ ਟਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹਰ ਮਸਲੇ ਦੇ ਹੱਲ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਨੇ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਸਕੀਮ ਅਧੀਨ ਜੋ ਕਿਸਾਨ ਇਸ ਤਕਨੀਕ ਨਾਲ ਝੋਨੇ ਅਤੇ ਬਾਸਮਤੀ ਦੀ ਸਿਧੀ ਬਿਜਾਈ ਕਰੇਗਾ, ਉਸਨੂੰ ਸਰਕਾਰ ਵਲੋਂ 1500/- ਰੂਪੈ ਪ੍ਰਤੀ ਏਕੜ ਦਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਕਨੀਕੀ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਰਾਬਤਾ ਕਾਇਮ ਕਰਨ। ਇਸ ਸਮੇਂ ਇੰਜ ਹਰਚਰਨ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ ਟਿਊਬਵੈਲਜ਼) ਨੇ ਡੀ.ਐਸ.ਆਰ ਮਸ਼ੀਨ ਬਾਰੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣੀ ਜੀਰੋ ਟਿਲ ਡਰਿੱਲ ਨੂੰ ਥੋੜੇ ਰੁਪਇਆ ਵਿੱਚ ਹੀ ਡੀ.ਐਸ.ਆਰ ਡਰਿੱਲ ਵਿੱਚ ਕਿਵੇਂ ਤਬਦੀਲ ਕੀਤਾ ਜਾ ਸਕਦਾ ਹੈ। ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆ ਡਾ. ਸ਼ੁਭਕਰਨ ਸਿੰਘ, ਏ.ਡੀ.ਓ ਨੇ ਸਾਰੇ ਕਿਸਾਨਾਂ ਨੂੰ ਇਸ ਵਿਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ. ਨਿਸ਼ਾਨ ਸਿੰਘ, ਏ.ਡੀ.ਓ. ਨੇ ਸਟੇਜ ਸੱਕਤਰ ਦੀ ਭੂਮਿਕਾ ਨਿਭਾਉਂਦੇ ਹੋਏ ਦੱਸਿਆ ਕਿ ਇਸ ਤਕਨੀਕ ਨਾਲ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਹੁੰਦੀ ਹੈ।
ਇਸ ਖੇਤ ਦਿਵਸ ਪ੍ਰੋਗਰਾਮ ਵਿੱਚ ਡਾ. ਗੁਰਪ੍ਰੀਤ ਸਿੰਘ, ਬਲਾਕ ਖੇਤੀਬਾੜੀ ਅਫਸਰ, ਕੋਟਕਪੂਰਾ ਅਤੇ ਉਨ੍ਹਾਂ ਦਾ ਸਾਰਾ ਸਟਾਫ, ਡਾ. ਚਰਨਜੀਤ ਸਿੰਘ, ਸ੍ਰੀ ਅਮਨਦੀਪ ਕੇਸ਼ਵ, ਸ੍ਰੀ ਰਮਨਦੀਪ ਸੰਧੂ, ਸ੍ਰੀ ਭੁਪੇਸ਼ ਜੋਸ਼ੀ ਅਤੇ ਇੰਜ, ਅਕਸ਼ਿਤ ਜੈਨ ਨੇ ਵੀ ਭਾਗ ਲਿਆ। ਅੰਤ ਵਿਚ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਵਲੋਂ ਕੀਤੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ ਅਤੇ ਡੀ.ਐਸ.ਆਰ. ਤਕਨੀਕ ਸਬੰਧੀ ਲਿਟਰੇਚਰ ਦੀ ਵੀ ਵੰਡ ਕੀਤੀ ਗਈ।