ਵਿਧਾਇਕ ਫਰੀਦਕੋਟ ਸ. ਸੇਖੋਂ ਨੇ ਪਿੰਡ ਰਾਜੋਵਾਲਾ ਵਿਖੇ ਸੋਲਰ ਮੋਟਰ ਦਾ ਕੀਤਾ ਉਦਘਾਟਨ
ਫਰੀਦਕੋਟ, 3 ਅਕਤਬੂਰ (ਪੰਜਾਬ ਡਾਇਰੀ)- ਗ੍ਰਾਮ ਪੰਚਾਇਤ ਰਾਜੋਵਾਲਾ ਵਿਖੇ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਿੰਡ ਦੇ ਛੱਪੜ ਵਿਚਲੇ ਗੰਦੇ ਪਾਣੀ ਦੇ ਨਿਕਾਸੀ ਦੀ ਸਮੱਸਿਆ ਦਾ ਹੱਲ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਛੱਪੜ ਉਪਰ ਪੰਚਾਇਤ ਵੱਲੋ ਗੰਦੇ ਪਾਣੀ ਦੀ ਨਿਕਾਸੀ ਲਈ ਲਗਾਈ ਗਈ ਸੋਲਰ ਮੋਟਰ ਦੇ ਉਦਘਾਟਨ ਕਰਨ ਉਪਰੰਤ ਕੱਢਿਆ ਗਿਆ।
ਸੋਲਰ ਮੋਟਰ ਦਾ ਉਦਘਾਟਨ ਕਰਨ ਉਪਰੰਤ ਹਾਜ਼ਰ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਦੱਸਿਆ ਕੇ ਜਿਸ ਤਰ੍ਹਾਂ ਨਾਲ ਪਿੰਡ ਰਾਜੋਵਾਲਾ ਦੀ ਪੁਰਾਣੀਆਂ ਸਰਕਾਰਾਂ ਦੇ ਸਮੇਂ ਤੋਂ ਚਲੀ ਆ ਰਹੀ ਮੁਸ਼ਕਲ ਦਾ ਹੱਲ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਨਿਕਲਿਆ ਹੈ ਉਸੇ ਤਰਾਂ ਹਲਕਾ ਫ਼ਰੀਦਕੋਟ ਦੇ ਸਮੂਹ ਪਿੰਡਾਂ ਦੀਆਂ ਮੁਸ਼ਕਲਾਂ ਦਾ ਹੱਲ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਹੀ ਵਿੱਚ ਕੱਢਦੇ ਹੋਏ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜ ਪਹਿਲ ਦੇ ਅਧਾਰ ਉਪਰ ਮਿਆਰੀ ਦਰਜੇ ਦੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਗ੍ਰਾਮ ਪੰਚਾਇਤਾ ਦੀਆਂ ਚੋਣਾਂ ਵਿੱਚ ਧੜੇ ਬੰਦੀ ਨੂੰ ਛੱਡ ਕੇ ਪਿੰਡਾਂ ਦੇ ਵਿਕਾਸ ਲਈ ਕਿਸੇ ਇੱਕ ਪਾਰਟੀ ਦੀ ਪੰਚਾਇਤ ਨਾ ਚੁਣ ਕੇ ਪਿੰਡ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਵੇ ਤਾਂ ਜੋ ਸੂਬੇ ਦੇ ਪਿੰਡਾਂ ਦਾ ਬਾਕੀ ਰਹਿੰਦਾ ਵਿਕਾਸ ਹੋ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਕੌਰ ਸਰਪੰਚ ਗ੍ਰਾਮ ਪੰਚਾਇਤ ਰਾਜੋਵਾਲਾ, ਅਜੇ ਪਾਲ ਸ਼ਰਮਾ ਪੰਚਾਇਤ ਸਕੱਤਰ, ਗੁਰਪ੍ਰੀਤ ਕੌਰ ਪੰਚਾਇਤ ਸਕੱਤਰ, ਬਲਜਿੰਦਰ ਸਿੰਘ ਜੇ.ਈ.,ਬੋਹੜ ਸਿੰਘ, ਗੁਰਤੇਜ ਸਿੰਘ ਆਪ ਆਗੂ, ਬਲਵਿੰਦਰ ਸਿੰਘ ਸੇਖੋਂ, ਦਵਿੰਦਰ ਕਪੂਰ, ਜਗਵਿੰਦਰ ਸਿੰਘ ਨੰਬਰਦਾਰ, ਗੁਰਮੰਦਰ ਸਿੰਘ, ਹਰਜੀਤ ਸਿੰਘ ਬਰਾੜ ਪ੍ਰਧਾਨ ਕੋ.ਅਪ. ਸੋਸਾਇਟੀ,ਪ੍ਰਗਟ ਸਿੰਘ, ਕੁਲਵੰਤ ਸਿੰਘ, ਸਮੂਹ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।