ਵਿਧਾਨ ਸਭਾ ਇਜਲਾਸ ਨੂੰ ਲੈ ਕੇ ਸੁਪ੍ਰੀਮ ਕੋਰਟ ਦਾ ਰੁਖ ਕਰੇਗੀ ਪੰਜਾਬ ਸਰਕਾਰ, ਨਵੰਬਰ ਵਿਚ ਸੱਦਿਆ ਜਾਵੇਗਾ ਅਗਲਾ ਸੈਸ਼ਨ
ਚੰਡੀਗੜ੍ਹ, 20 ਅਕਤੂਬਰ (ਰੋਜਾਨਾ ਸਪੋਕਸਮੈਨ)- ਵਿਧਾਨ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਵਿੱਖ ‘ਚ ਆਮਦਨ ਵਧਾਉਣ ਨੂੰ ਲੈ ਕੇ ਕੁੱਝ ਬਿੱਲ ਲਿਆਂਦੇ ਸੀ ਪਰ ਸੂਬੇ ਦੇ ਰਾਜਪਾਲ ਸਦਨ ਦੇ ਕਾਨੂੰਨੀ ਅਤੇ ਗ਼ੈਰ ਕਾਨੂੰਨੀ ਹੋਣ ਦਾ ਮੁੱਦਾ ਖੜ੍ਹਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਰਾਜਪਾਲ ਸਰਕਾਰ ਤੋਂ ਸਵਾਲ ਕਰ ਸਕਦੇ ਹਨ, ਉਨ੍ਹਾਂ ਦਾ ਹੱਕ ਹੈ ਪਰ 1997 ਤੋਂ ਸਿਰਫ਼ ਦੋ ਮੁੱਖ ਮੰਤਰੀਆਂ ਦਾ ਰਾਜ ਰਿਹਾ, ਉਦੋਂ ਰਾਜਪਾਲ ਨੇ ਕਦੇ ਨਹੀਂ ਪੁੱਛਿਆ ਕਿ ਕਰਜ਼ਾ ਕਿਥੋਂ ਲਿਆ ਤੇ ਕਿਉਂ ਲਿਆ? ਮੁੱਖ ਮੰਤਰੀ ਨੇ ਕਿਹਾ ਕਿ ਬਜਟ ਸੈਸ਼ਨ ਬੁਲਾਉਣ ਨੂੰ ਲੈ ਕੇ ਰਾਜਪਾਲ ਵਲੋਂ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਸਰਕਾਰ ਸੁਪ੍ਰੀਮ ਕੋਰਟ ਗਈ ਤੇ ਉਥੇ 3 ਮਿੰਟ ‘ਚ ਹੀ ਫ਼ੈਸਲਾ ਹੋ ਗਿਆ ਪਰ ਸਰਕਾਰ ਦਾ ਉਥੇ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਤਰੀਕੇ ਨਾਲ ਇਕ-ਇਕ ਪੈਸੇ ਨਾਲ ਕਰਜ਼ਾ ਚੜ੍ਹਦਾ ਹੈ।
ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਤਲਵੀ
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਰਾਜਪਾਲ ਨਾਲ ਸਰਕਾਰ ਦੀ ਕੁੜਤਣ ਜ਼ਿਆਦਾ ਵਧੇ। ਅੱਜ ਅਸੀਂ ਕੋਈ ਬਿੱਲ ਪੇਸ਼ ਨਹੀਂ ਕਰਾਂਗੇ। 30 ਅਕਤੂਬਰ ਨੂੰ ਸਰਕਾਰ ਸੁਪ੍ਰੀਮ ਕੋਰਟ ਜਾਵੇਗੀ। ਪੁਰਾਣੇ ਬਿੱਲ ਪੇਸ਼ ਨਾ ਹੋਣ ਤਕ ਨਵੇਂ ਬਿੱਲ ਨਹੀਂ ਲਿਆਵਾਂਗੇ। ਨਵੰਬਰ ਵਿਚ ਵੱਡਾ ਸੈਸ਼ਨ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਇਸ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਵੰਬਰ ਦੇ ਪਹਿਲੇ ਹਫ਼ਤੇ ਸੈਸ਼ਨ ਦੁਬਾਰਾ ਬੁਲਾਇਆ ਜਾਵੇਗਾ ਅਤੇ ਫਿਰ ਸਾਰੇ ਬਿੱਲ ਪੇਸ਼ ਕੀਤੇ ਜਾਣਗੇ। ਮੁੱਖ ਮੰਤਰੀ ਦੀ ਅਪੀਲ ਮਗਰੋਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਤਲਵੀ ਕਰ ਦਿਤੀ ਗਈ।
ਆਹਮੋ ਸਾਹਮਣੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ
ਇਸ ਤੋਂ ਪਹਿਲਾਂ ਡਰੱਗ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਸਵਾਲ ਕਰਦਿਆਂ ਪੁੱਛਿਆ, “ਡਰੱਗ ਨੂੰ ਲੈ ਕੇ ਕੈਪਟਨ ਸਾਬ੍ਹ ਨੇ ਵੀ ਹਾਈ ਕਮਾਨ ਨੂੰ ਚਿੱਠੀ ਲਿਖੀ ਸੀ, ਜਿਸ ਵਿਚ ਕਈ ਆਗੂਆਂ ਦੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਬਾਰੇ ਜ਼ਿਕਰ ਸੀ, ਉਸ ਦਾ ਕੀ ਕਰੀਏ?” ਇਸ ਦੌਰਾਨ ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਵੱਲ ਇਸ਼ਾਰਾ ਵੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੇ ਸਦਨ ‘ਚ ਬੋਲਦੇ ਹੀ ਮਾਹੌਲ ਗਰਮ ਹੋ ਗਿਆ। ਜਦੋਂ ਮੁੱਖ ਮੰਤਰੀ ਨੇ 1 ਨਵੰਬਰ ਨੂੰ ਖੁੱਲ੍ਹੀ ਬਹਿਸ ਲਈ ਆਉਣ ਦੀ ਗੱਲ ਕੀਤੀ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ‘ਤੂੰ’ ਕਹਿ ਕੇ ਸੰਬੋਧਨ ਕੀਤਾ। ਜਿਸ ‘ਤੇ ਮੁੱਖ ਮੰਤਰੀ ਗੁੱਸੇ ‘ਚ ਆ ਗਏ। ਸਦਨ ਦਾ ਮਾਹੌਲ ਇੰਨਾ ਵਿਗੜ ਗਿਆ ਕਿ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ ਰੋਕਣਾ ਪਿਆ।
20 ਤੋਂ 30 ਦਸੰਬਰ ਤਕ ਕੋਈ ਵੀ ਜਸ਼ਨ ਵਾਲਾ ਪ੍ਰੋਗਰਾਮ ਨਹੀਂ ਕਰੇਗੀ ਸਰਕਾਰ
21 ਤੋਂ 28 ਦਸੰਬਰ ਤਕ ਦੇ ਹਫ਼ਤੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪ੍ਰਵਾਰ ਸ਼ਹੀਦ ਹੋਇਆ ਸੀ। ਇਹ ਸਾਡੇ ਲਈ ਸੋਗ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਸਰਕਾਰ 20 ਤੋਂ 30 ਦਸੰਬਰ ਤਕ ਕੋਈ ਵੀ ਜਸ਼ਨ ਵਾਲਾ ਪ੍ਰੋਗਰਾਮ ਨਹੀਂ ਕਰੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੇਪਰ ਲੈੱਸ ਵਿਧਾਨ ਸਭਾ ਲਈ ਸਦਨ ਨੂੰ ਦਿਤੀ ਵਧਾਈ। ਇਸ ਤੋਂ ਇਲਾਵਾ ਏਸ਼ੀਆਈ ਖੇਡਾਂ ਵਿਚ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਰਿਕਾਰਡ 19 ਮੈਡਲ ਜਿੱਤੇ ਹਨ। ਉਨ੍ਹਾਂ ਦਸਿਆ ਕਿ ਸੋਨ ਤਮਗ਼ਾ ਜਿੱਤ ਵਾਲੀ ਭਾਰਤੀ ਹਾਕੀ ਟੀਮ ਵਿਚ 68 ਗੋਲ ‘ਚੋਂ 43 ਗੋਲ ਪੰਜਾਬੀਆਂ ਨੇ ਕੀਤੇ ਹਨ। ਇਸ ਦੌਰਾਨ ਮੁੱਖ ਮੰਤਰੀ ਵਿਧਾਇਕ ਪਰਗਟ ਸਿੰਘ ਵਲੋਂ ਜਰਮਨੀ ਵਿਰੁਧ ਕੀਤੇ ਗੋਲ ਦੀ ਤਾਰੀਫ਼ ਵੀ ਕੀਤੀ।