ਵਿਰਾਸਤੀ ਰੰਗ ਬਖੇਰਦਾ ਵਿਰਾਸਤੀ ਕਾਫਲਾ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਪੁੱਜਿਆ
– ਵਿਧਾਇਕ ਫਰੀਦਕੋਟ, ਡਿਪਟੀ ਕਮਿਸ਼ਨਰ ਨੇ ਵਿਰਾਸਤੀ ਕਾਫਲੇ ਨੂੰ ਦਿਖਾਈ ਹਰੀ ਝੰਡੀ
– ਕਾਫਿਲੇ ਵਿੱਚ ਲੋਕਾਂ ਨੇ ਵੱਖ ਵੱਖ ਵੱਖ ਰਾਜਾਂ ਦੇ ਸੱਭਿਆਚਾਰ ਦੀਆਂ ਵੰਨਗੀਆਂ ਵੇਖੀਆਂ
ਫਰੀਦਕੋਟ, 20 ਸਤੰਬਰ (ਪੰਜਾਬ ਡਾਇਰੀ)- 850ਵੇਂ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਮਨਾਏ ਜਾ ਰਹੇ ਆਗਮਨ ਪੁਰਬ ਦੇ ਸਬੰਧ ਵਿੱਚ ਅੱਜ ਵਿਰਾਸਤੀ ਕਾਫਲਾ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਪੁੱਜਾ ਜਿੱਥੇ ਵੱਡੀ ਗਿਣਤੀ ਵਿੱਚ ਮੌਜੂਦ ਦਰਸ਼ਕਾਂ ਨੇ ਵੱਖ ਵੱਖ ਰਾਜਾਂ ਦੇ ਪਹਿਰਾਵਿਆਂ ਅਤੇ ਵਿਰਾਸਤ ਦਾ ਰੰਗ ਮਾਣਿਆ।
ਇਸ ਵਿਰਾਸਤੀ ਕਾਫਲੇ ਨੂੰ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਲ੍ਹਾ ਮੁਬਾਰਕ ਤੋਂ ਸਾਂਝੇ ਤੌਰ ਤੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਸ. ਹਰਜੀਤ ਸਿੰਘ, ਡਾ. ਨਿਰਮਲ ਓਸੇਪਚਨ ਐਸ.ਡੀ.ਐਮ. ਜੈਤੋ, ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ ਤੇ ਐਸ.ਡੀ.ਐਮ. ਕੋਟਕੂਪਰਾ ਮੈਡਮ ਵੀਰਪਾਲ ਕੌਰ, ਸਹਾਇਕ ਕਮਿਸ਼ਨਰ ਤੁਸ਼ਿਤਾ ਗੁਲਾਟੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਪੂਰੇ ਕਾਫਿਲੇ ਵਿੱਚ ਜਿਲੇ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਨੌਰਥ ਜੋਨ ਕਲਚਰ ਸੈਂਟਰ ਦੇ ਕਲਾਕਾਰਾਂ ਨੇ ਵੀ ਵੱਖ ਵੱਖ ਰਾਜਾਂ ਦੇ ਸੱਭਿਆਚਾਰ ਨੂੰ ਪੇਸ਼ ਕਰਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆ। ਕਾਫਲੇ ਦੇ ਰਾਹ ਵਿੱਚ ਸ਼ਹਿਰ ਵਾਸੀਆਂ ਨੇ ਸਮੁੱਚੇ ਕਾਫਲੇ ਦਾ ਸਵਾਗਤ ਕੀਤਾ ਅਤੇ ਇਸ ਦਾ ਆਨੰਦ ਮਾਣਿਆ।
ਕਾਫਲੇ ਦੇ ਦਰਬਾਰ ਗੰਜ ਪੁੱਜਣ ਤੇ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਜਿਲੇ ਦੇ ਲੋਕਾਂ ਨੂੰ ਵੱਖ ਵੱਖ ਰਾਜਾਂ ਦੇ ਸੱਭਿਆਚਾਰ, ਪਹਿਰਾਵੇ ਬਾਰੇ ਵਿਲੱਖਣ ਪੇਸ਼ਕਾਰੀਆਂ ਵੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ, ਮਾਰਸ਼ਲ ਆਰਟ ਗੱਤਕਾ ਅਤੇ ਵੱਖ ਵੱਖ ਰਾਜਾਂ ਦੇ ਨਾਚਾਂ ਅਤੇ ਪਹਿਰਾਵਿਆਂ ਨਾਲ ਕਾਫਲੇ ਨੂੰ ਵੱਖਰੀ ਰੰਗਤ ਮਿਲੀ ਹੈ। ਇਸ ਮੌਕੇ ਦਰਬਾਰ ਗੰਜ ਵਿਖੇ ਵੀ ਕਲਾਕਾਰਾਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਅਤੇ ਉੱਥੇ ਮੌਜੂਦ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।
ਇਸ ਕਾਫਲੇ ਵਿੱਚ ਚੇਅਰਮੈਨ ਇੰਮਪਰੂਵਮੈਂਟ ਟਰਸੱਟ ਸ. ਗੁਰਤੇਜ ਸਿੰਘ ਖੋਸਾ, ਐਸ.ਐਮ.ਓ ਡਾ. ਚੰਦਰ ਸ਼ੇਖਰ, ਜਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ, ਸੈਕਟਰੀ ਰੈਡ ਕਰਾਸ ਸ੍ਰੀ ਮਨਦੀਪ ਸਿੰਘ, ਸ੍ਰੀ ਜਸਬੀਰ ਸਿੰਘ ਜੱਸੀ, ਮਨਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ ।