ਵਿਸ਼ੇਸ਼ ਅਦਾਲਤ ਨੇ ਬਲਾਤਕਾਰ ਮਾਮਲੇ ’ਚ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਵਿਰੁਧ ਜਾਰੀ ਸੰਮਨ ’ਤੇ ਰੋਕ ਲਾਈ
ਨਵੀਂ ਦਿੱਲੀ, 18 ਅਕਤੂਬਰ (ਰੋਜਾਨਾ ਸਪੋਕਸਮੈਨ)- ਬਲਾਤਕਾਰ ਅਤੇ ਅਪਰਾਧਕ ਧਮਕੀ ਦਾ ਦੋਸ਼ ਲਾਉਣ ਵਾਲੀ ਇਕ ਔਰਤ ਦੀ ਸ਼ਿਕਾਇਤ ’ਤੇ ਇਕ ਮੈਜਿਸਟ੍ਰੇਟ ਅਦਾਲਤ ਵਲੋਂ ਭਾਜਪਾ ਆਗੂ ਸਈਅਦ ਸ਼ਾਹਨਵਾਜ਼ ਹੁਸੈਨ ਵਿਰੁਧ ਜਾਰੀ ਸੰਮਨ ’ਤੇ ਇਕ ਵਿਸ਼ੇਸ਼ ਅਦਾਲਤ ਨੇ ਰੋਕ ਲਾ ਦਿਤੀ ਹੈ। ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਮੈਜਿਸਟ੍ਰੇਟ ਅਦਾਲਤ ਦੇ ਉਸ ਹੁਕਮ ਵਿਰੁਧ ਹੁਸੈਨ ਵਲੋਂ ਦਾਇਰ ਅਪੀਲ ’ਤੇ ਹੁਕਮ ਪਾਸ ਕੀਤਾ ਜਿਸ ’ਚ ਉਨ੍ਹਾਂ ਨੂੰ 20 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
ਜੱਜ ਨੇ 17 ਅਕਤੂਬਰ ਨੂੰ ਪਾਸ ਹੁਕਮ ’ਚ ਸ਼ਿਕਾਇਤਕਰਤਾ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਅਤੇ ਅੱਠ ਨਵੰਬਰ ਤਕ ਉਸ ਤੋਂ ਜਵਾਬ ਮੰਗਿਆ। ਉਨ੍ਹਾਂ ਕਿਹਾ, ‘‘ਅਪੀਲਕਰਤਾ ਦੀ ਪ੍ਰਤੀਨਿਧਗੀ ਕਰਨ ਵਾਲੇ ਵਕੀਲ ਵਲੋਂ ਦਿਤੀਆਂ ਜਾ ਰਹੀਆਂ ਦਲੀਲਾਂ ਦੇ ਮੱਦੇਨਜ਼ਰ, ਇਹ ਵੀ ਹੁਕਮ ਦਿਤਾ ਜਾਂਦਾ ਹੈ ਕਿ ਉਦੋਂ ਤਕ ਮਾਮਲੇ ’ਚ ਲਾਗੂ ਹੁਕਮ ਅਤੇ ਅੱਗੇ ਵੀ ਕਾਰਵਾਈ ’ਤੇ ਰੋਕ ਰਹੇਗੀ।’’
ਹੁਸੈਨ ਨੇ ਅਪਣੀ ਅਪੀਲ ’ਚ ਦਾਅਵਾ ਕੀਤਾ ਕਿ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ‘‘ਸਿਰਫ਼ ਸ਼ਿਕਾਇਤਕਰਤਾ ਵਲੋਂ ਸੀ.ਆਰ.ਪੀ.ਸੀ. ਦੀ ਧਾਰਾ 164 ਹੇਠ ਦਿਤੇ ਇਕ ਬਿਆਨ ਦੇ ਆਧਾਰ ’ਤੇ ਨੋਟਿਸ ਲਿਆ, ਹਾਲਾਂਕਿ ਇਹ ਵਿਖਾਉਣ ਲਈ ਰੀਕਾਰਡ ’ਤੇ ਲੋੜੀਂਦੇ ਹੋਰ ਜ਼ੁਬਾਨੀ ਅਤੇ ਦਸਤਾਵੇਜ਼ੀ ਸਬੂਤ ਹਨ ਕਿ ਨਸ਼ੇ ਜਾਂ ਸ਼ਿਕਾਇਤਕਰਤਾ ਨਾਲ ਬਲਾਤਕਾਰ ਦੀ ਅਸਲ ’ਚ ਕੋਈ ਘਟਨਾ ਨਹੀਂ ਵਾਪਰੀ।’’
ਇਸ ਤੋਂ ਪਹਿਲਾਂ, ਮੈਜਿਸਟ੍ਰੇਟ ਅਦਾਲਤ ਨੇ ਕਥਿਤ ਅਪਰਾਧ ਦਾ ਨੋਟਿਸ ਲਿਆ ਸੀ ਅਤੇ ਸਾਬਕਾ ਕੇਂਦਰੀ ਮੰਤਰੀ ਨੂੰ 20 ਅਕਤੂਬਰ ਨੂੰ ਅਪਣੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਅਪ੍ਰਲ, 2018 ’ਚ ਦੇਸ਼ ਦੀ ਰਾਜਧਾਨੀ ਸਥਿਤ ਇਕ ਫ਼ਾਰਮਹਾਊਸ ’ਚ ਹੁਸੈਨ ਨੇ ਉਸ ਨੂੰ ਨਸ਼ੀਲਾ ਪਦਾਰਥ ਖਵਾਉਣ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ ਸੀ।