ਵੱਖ ਵੱਖ ਸਕੂਲਾਂ ’ਚ ਮਲੇਰੀਆ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਫਰੀਦਕੋਟ, 10 ਮਈ (ਪੰਜਾਬ ਡਾਇਰੀ)- ਸਿਵਲ ਸਰਜਨ ਡਾ ਅਨਿਲ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਟਕਪੂਰਾ ਦੇ ਸਕੂਲਾਂ ਵਿਖੇ ਮਲੇਰੀਆ ਸੰਬੰਧੀ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ । ਇਸ ਮੌਕੇ ਬੋਲਦਿਆਂ ਬੀ ਈ ਈ ਫਲੈਗ ਚਾਵਲਾ, ਸੁਧੀਰ ਧੀਰ ਨੇ ਕਿਹਾ ਕਿ ਮਲੇਰੀਆ ਤੋਂ ਬਚਣ ਲਈ ਸਭ ਤੋਂ ਕਾਰਗਰ ਹਥਿਆਰ ਇਸ ਸੰਬੰਧੀ ਜਾਗਰੂਕਤਾ ਹੈ। ਉਹਨਾਂ ਨੇ ਮਲੇਰੀਆ ਬੁਖਾਰ ਦੇ ਪਛਾਣ ਚਿੰਨ੍ਹਾਂ ਅਤੇ ਇਸ ਦੇ ਇਲਾਜ ਲਈ ਵਰਤੇ ਜਾਂਦੇ ਢੰਗਾਂ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਮਲੇਰੀਆ ਵਾਲਾ ਮੱਛਰ ਜ਼ਿਆਦਾਤਰ ਰਾਤ ਦੇ ਸਮੇਂ ਕੱਟਦਾ ਹੈ ਅਤੇ ਇਹ ਲੰਮੇ ਸਮੇਂ ਤੋਂ ਖੜ੍ਹੇ ਹੋਏ ਪਾਣੀ ਅਤੇ ਛੱਪੜਾਂ ਆਦਿ ਵਿਚ ਪੈਦਾ ਹੁੰਦਾ ਹੈ ਇਸ ਦੀ ਪੈਦਾਇਸ਼ ਨੂੰ ਰੋਕਣ ਲਈ ਸਾਨੂੰ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਰੱਖਿਆ ਜਾਵੇ। ਉਹਨਾਂ ਨੇ ਇਸ ਮੌਕੇ ਮੱਛਰ ਤੋਂ ਬਚਾਓ ਦੇ ਵੱਖ ਵੱਖ ਢੰਗਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੇ ਨਾਲ ਹੀ ਭੋਜਨ ਅਤੇ ਪਾਣੀ ਦੀ ਸਵੱਛਤਾ ਦੇ ਢੰਗਾਂ ਬਾਰੇ ਦੱਸਿਆ। ਇਸ ਸਮਾਗਮ ਵਿਚ ਸਮੂਹ ਅਧਿਆਪਕ ਤੇ ਆਸ਼ਾ ਵਿਸ਼ੇਸ਼ ਰੂਪ ਵਿੱਚ ਮੌਜੂਦ ਸਨ।