ਵੱਡੀ ਖ਼ਬਰ – ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੱਦੇ ਤਹਿਤ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਖੇ ਹੜਤਾਲ ਕੀਤੀ ਗਈ ।
ਫਰੀਦਕੋਟ, 6 ਅਪ੍ਰੈਲ – (ਪੰਜਾਬ ਡਾਇਰੀ) ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੱਦੇ ਤਹਿਤ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਖੇ ਹੜਤਾਲ ਕੀਤੀ ਗਈ ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਕੇਸ਼ਵ ਅਜ਼ਾਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਉਹ ਹਰ ਪੱਖੋਂ ਫੇਲ ਸਾਬਿਤ ਹੋਈ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਲੰਬੇ ਸਮੇਂ ਤੋਂ ਆਰਥਿਕ ਘਾਟੇ ਵਿਚ ਹੈ । 10 ਜਿਲ੍ਹਿਆਂ ਨੂੰ ਸਿੱਖਿਆ ਦੇ ਰਹੀ ਯੂਨੀਵਰਸਿਟੀ ਨੂੰ ਚਲਾਉਣ ਤੋਂ ਸਰਕਾਰ ਟਾਲਾ ਵੱਟ ਰਹੀ ਹੈ । ਮੁੱਖ ਮੰਤਰੀ ਨੇ ਇਸ ਯੂਨੀਵਰਸਿਟੀ ਦਾ ਸਮੁੱਚਾ ਕਰਜਾ ਮੁਆਫ ਕਰਨ ਦਾ ਐਲਾਨ ਕੀਤਾ ਸੀ ਪਰ ਉਹ ਸਿਰਫ ਐਲਾਨ ਹੀ ਰਿਹ ਗਿਆ ।
ਆਰਥਿਕ ਘਾਟਾ ਪੂਰਾ ਕਰਨ ਲਈ ਯੂਨੀਵਰਸਿਟੀ ਵੱਲੋਂ ਨਾਜਇਜ਼ ਤਰੀਕ਼ੇ ਨਾਲ ਸਪਲਿਆਂ ਕੱਢੀਆਂ ਜਾ ਰਹੀਆਂ ਹਨ ਤਾਂ ਕਿ ਫੀਸਾਂ ਦੇ ਰੂਪ ਵਿੱਚ ਪੈਸੇ ਇੱਕਠੇ ਕੀਤੇ ਜਾ ਸਕਣ , 4-4 ਮਹੀਨੇ ਤੋਂ ਪ੍ਰੋਫ਼ੈਸਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਸਮੈਸਟਰ ਪ੍ਰਣਾਲੀ ਦੇ ਨਾਮ ਤੇ ਸਾਲ ਵਿੱਚ ਦੋ ਵਾਰ ਪ੍ਰੀਖਿਆ ਫ਼ੀਸ ਭਰਵਾਈ ਜਾਂਦੀ ਹੈ ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਸ਼ਾ ਦੇ ਨਾਮ ਤੇ ਬਣੀ ਇਕੋ ਇਕ ਸੰਸਥਾ ਹੈ ਜਿਸ ਵਿੱਚ ਘੱਟ ਫ਼ੀਸ ਤੇ ਆਮ ਘਰਾਂ ਦੇ ਵਿਦਿਆਰਥੀ ਪੜ੍ਹਦੇ ਹਨ । ਪਰ ਯੂਨੀਵਰਸਿਟੀ ਬੰਦ ਹੋਣ ਕਿਨਾਰੇ ਹੈ ।
ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਾਕੀ ਪਾਰਟੀਆਂ ਵਾਂਗ ਹੀ ਨਿੱਜੀ ਘਰਾਣਿਆ ਦੀ ਸੇਵਾ ਕਰ ਰਹੀ ਹੈ । ਇਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਰਗੀਆਂ ਸਰਕਾਰੀ ਸੰਸਥਾਵਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਕਾਰਪੋਰੇਟ ਪੱਖੀ ਨੀਤੀਆਂ ਕਰ ਕੇ ਹੀ ਯੂਨੀਵਰਸਿਟੀ ਨੂੰ ਬੰਦ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ । ਜਿਲ੍ਹਾ ਪ੍ਰਧਾਨ ਸੁਖਪ੍ਰੀਤ ਮੌੜ ਅਤੇ ਜਸਨੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਆਪਣੀ ਸਿੱਖਿਆ ਅਤੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸੰਘਰਸ਼ ਕਰਨਗੇ । ਜਦੋਂ ਤੱਕ ਸਰਕਾਰ ਯੂਨੀਵਰਸਿਟੀ ਦਾ ਸਮੁੱਚਾ ਕਰਜਾ ਮੁਆਫ ਨਹੀਂ ਕਰਦੀ ਅਤੇ ਬਣਦੀ ਗਰਾਂਟ ਜਾਰੀ ਨਹੀਂ ਕਰਦੀ ਓਹਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ । ਇਸ ਮੌਕੇ ਸੁਖਪਿੰਦਰ ਮੌੜ, ਲਵਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ, ਹੈਪੀ ਮਜੂਦ ਸਨ।