ਵੱਧ ਤੋਂ ਵੱਧ ਕਿਸਾਨ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਨ- ਮੁੱਖ ਖੇਤੀਬਾੜੀ ਅਫਸਰ
ਫ਼ਰੀਦਕੋਟ, 10 ਅਕਤੂਬਰ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਨਾ ਚਾਹੀਦਾ ਹੈ ਤਾਂ ਜੋ ਸਰਕਾਰ ਵੱਲੋਂ ਕਿਸਾਨ ਭਲਾਈ ਲਈ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ।ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਮੇਂ ਹਾੜ੍ਹੀ 2023-24 ਦੀਆਂ ਫਸਲਾਂ ਦੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ ਅਤੇ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਬਿਜਾਈ ਲਈ ਲੋੜੀਂਦੀ ਡੀ.ਏ.ਪੀ/ਯੂਰੀਆ ਖਾਦ ਪ੍ਰਾਈਵੇਟ ਡੀਲਰਾਂ ਦੇ ਨਾਲ-ਨਾਲ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤੀ ਜਾ ਰਹੀ ਹੈ।ਇਸ ਸੀਜਨ ਲਈ ਸਪਲਾਈ ਹੋਣ ਵਾਲੀ ਡੀ.ਏ.ਪੀ/ਯੂਰੀਆ ਖਾਦਾਂ ਦੇ ਕੁੱਲ ਹਿੱਸੇ ਦਾ 80% ਹਿੱਸਾ ਸਹਿਕਾਰੀ ਸਭਾਵਾਂ ਦੇ ਮਧਿਅਮ ਰਾਹੀਂ ਕਿਸਾਨਾਂ ਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ, ਜੋ ਕਿ ਪਹਿਲਾਂ 60% ਹੁੰਦਾ ਸੀ।
ਉਨ੍ਹਾਂ ਕਿਸਾਨਾਂ ਨੂੰ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆ ਹੋਰ ਸਹੂਲਤਾਂ ਅਸਾਨੀ ਨਾਲ ਪ੍ਰਾਪਤ ਕਰਨ ਲਈ ਸਹਿਕਾਰੀ ਅਦਾਰਿਆ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਲਈ ਅਪੀਲ ਕੀਤੀ ਅਤੇ ਹੋਰ ਜਾਣਕਾਰੀ ਦਿੰਦੇ ਹੋਏ ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਹਾੜ੍ਹੀ 2023-24 ਦੀਆਂ ਫਸਲਾਂ ਲਈ ਅੰਦਾਜਨ 16000 ਮੀ:ਟਨ ਡੀ.ਏ.ਪੀ ਅਤੇ 34800 ਮੀ: ਟਨ ਯੂਰੀਆ ਖਾਦ ਦੀ ਲੋੜ ਹੈ।ਇਸ ਸਮੇਂ ਜਿਲ੍ਹੇ ਵਿੱਚ ਲਗਭਗ 3337 ਮੀ:ਟਨ ਡੀ.ਏ.ਪੀ ਅਤੇ 9000 ਮੀ: ਟਨ ਯੂਰੀਆ ਖਾਦ ਦੀ ਸਪਲਾਈ ਹੋ ਚੁੱਕੀ ਹੈ, ਬਾਕੀ ਰਹਿੰਦੀ ਖਾਦ ਜਲਦੀ ਹੀ ਸਹਿਕਾਰੀ ਸਭਾਵਾਂ ਅਤੇ ਪ੍ਰਾਈਵੇਟ ਡੀਲਰਾਂ ਪਾਸ 80-20 ਦੇ ਅਨੁਪਾਤ ਅਨੁਸਾਰ ਪਹੁੰਚ ਜਾਵੇਗੀ।