ਸ਼ਹੀਦ -ਏ- ਆਜ਼ਮ ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਕੋਟਕਪੂਰਾ ਵਿਖੇ ਮਨਾਉਣ ਦਾ ਫ਼ੈਸਲਾ
ਕੋਟਕਪੂਰਾ, 15 ਮਾਰਚ – ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ( ਰਜਿ: ), ਸ਼ਹੀਦ ਭਗਤ ਸਿੰਘ ਪੈਨਸ਼ਨਰ ਵੈੱਲਫੇਅਰ ਟਰੱਸਟ ਜ਼ਿਲ੍ਹਾ ਫ਼ਰੀਦਕੋ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਫਰੀਦਕੋਟ ਵੱਲੋਂ ਸਾਂਝੇ ਤੌਰ ਤੇ ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ 2022 ਦਿਨ ਬੁੱਧਵਾਰ ਨੂੰ ਸਵੇਰੇ ਠੀਕ 9 -30 ਵਜੇ ਸ਼ਹੀਦ ਭਗਤ ਸਿੰਘ ਪਾਰਕ ਪੁਰਾਣਾ ਕਿਲ੍ਹਾ ਕੋਟਕਪੂਰਾ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਇਨ੍ਹਾਂ ਸੰਸਥਾਵਾਂ ਦੇ ਆਗੂ ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਬਲਦੇਵ ਸਿੰਘ ਸਹਿਦੇਵ, ਪ੍ਰੇਮ ਚਾਵਲਾ, ਪ੍ਰੋ ਹਰਬੰਸ ਸਿੰਘ ਪਦਮ, ਰਜਿੰਦਰ ਸਿੰਘ ਸਰਾਂ, ਗੁਰਿੰਦਰ ਸਿੰਘ ਮਹਿੰਦੀਰੱਤਾ ਤੇ ਸੋਮ ਨਾਥ ਅਰੋਡ਼ਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਤੇ ਫੁੱਲ ਮਾਲਾ ਅਰਪਣ ਕਰਨ ਤੋਂ ਭਾਰਤ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਇਨ੍ਹਾਂ ਮਹਾਨ ਨਾਇਕਾਂ ਵੱਲੋਂ ਪਾਏ ਗਏ ਯੋਗਦਾਨ ਸਬੰਧੀ ਅਤੇ ਮੌਜੂਦਾ ਸਮੇਂ ਵਿੱਚ ਭਾਰਤ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਸਬੰਧੀ ਵੱਖ ਵੱਖ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸਮਾਗਮ ਦੌਰਾਨ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਵੱਲੋਂ 70 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਰਬ ਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਰਾਹੀਂ ਪਿਛਲੇ ਸਮੇਂ ਦੌਰਾਨ ਲਗਾਤਾਰ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਫ਼ੈਸਲੇ ਲੈਣ ਲਈ ਜ਼ਿੰਮੇਵਾਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ,ਹੁਕਮਰਾਨ ਕਾਂਗਰਸ ਪਾਰਟੀ ਨਾਲ ਸਬੰਧਤ ਸਾਬਕਾ ਮੁੱਖ ਮੰਤਰੀਆਂ, ਕਈ ਮੰਤਰੀਆਂ ਤੇ ਵਿਧਾਇਕਾਂ, ਸਾਲ 2007 ਤੋਂ 2017 ਤੱਕ ਪੰਜਾਬ ਦੇ ਰਾਜ ਭਾਗ ਤੇ ਕਾਬਜ਼ ਅਕਾਲੀ -ਭਾਜਪਾ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ, ਕਈ ਸਾਬਕਾ ਮੰਤਰੀਆਂ ਨੂੰ ਪੰਜਾਬ ਦੇ ਸਮੂਹ ਲੋਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਤਕੜੀ ਹਾਰ ਦੇ ਕੇ ਸਬਕ ਸਿਖਾਉਣ ਅਤੇ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਨਾ ਚੜ੍ਹਨ ਦੇਣ ਲਈ ਪੰਜਾਬ ਦੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ ਤੇ ਸਮੂਹ ਲੋਕਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਹੋਂਦ ਵਿੱਚ ਆ ਰਹੀ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸਮੂਹ ਲੋਕਾਂ ਅਤੇ ਪਰਵਾਸੀ ਭਾਰਤੀਆਂ ਦੇ ਹਿੱਤ ਵਿੱਚ ਲੋਕ ਪੱਖੀ ਫ਼ੈਸਲੇ ਲੈਣ ਦੀ ਆਸ ਪ੍ਰਗਟ ਕੀਤੀ ਗਈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਮੰਘੇਡ਼ਾ,ਤਰਸੇਮ ਨਰੂਲਾ,ਸ਼ਾਮ ਲਾਲ ਚਾਵਲਾ, ਮੁਖਤਿਆਰ ਸਿੰਘ ਮੱਤਾ, ਜਗਸੀਰ ਸਿੰਘ ਖਾਰਾ, ਗੁਰਚਰਨ ਸਿੰਘ ਮਾਨ,ਸੁਖਚੈਨ ਸਿੰਘ ਥਾਂਦੇਵਾਲਾ, ਸੁਖਦਰਸ਼ਨ ਸਿੰਘ ਗਿੱਲ ਤੇ ਮਨਦੀਪ ਸਿੰਘ ਮਿੰਟੂ ਗਿੱਲ ਆਦਿ ਸ਼ਾਮਲ ਸਨ।