ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 127ਵੇਂ ਜਨਮ ਦਿਵਸ ਮੌਕੇ ਬੁਲਾਰਿਆਂ ਨੇ ਦਿੱਤਾ ਹੋਕਾ
ਕੋਟਕਪੂਰਾ, 24 ਮਈ – (ਪੰਜਾਬ ਡਾਇਰੀ) ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਕਲਾਂ ਵਿਖੇ ਗਦਰ ਪਾਰਟੀ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 127ਵਾਂ ਜਨਮਦਿਨ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ ਨੇ ਦੱਸਿਆ ਕਿ ਦੇਸ਼ ਦੇ ਗਲੋਂ ਅੰਗਰੇਜੀ ਸਾਮਰਾਜ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਗ਼ਦਰ ਪਾਰਟੀ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ, ਵਿਦੇਸ਼ ਦੀ ਧਰਤੀ ’ਤੇ ਰਹਿੰਦੇ 8000 ਗਦਰੀ ਦੇਸ਼ ਭਗਤਾਂ ਨੇ ਅਗਸਤ 1914 ਦੌਰਾਨ ਭਾਰਤ ਵੱਲ ਚਾਲੇ ਪਾਏ, ਜਿੰਨਾਂ ’ਚੋਂ ਕਿੰਨੇ ਹੀ ਫਾਂਸੀਆਂ ’ਤੇ ਚੜੇ ਜਾਂ ਗੋਲੀਆਂ ਨਾਲ ਸ਼ਹੀਦ ਕੀਤੇ ਗਏ, ਅਨੇਕਾਂ ਨੇ ਉਮਰ ਕੈਦ ਦੀ ਸਜਾ ਤਹਿਤ ਕਾਲੇ ਪਾਣੀ ਰੂਪੀ ਕੁੰਭੀ ਨਰਕ ’ਚ ਆਪਣੀਆਂ ਜਵਾਨੀਆਂ ਝੋਕ ਦਿੱਤੀਆਂ ਅਤੇ ਅਨੇਕਾਂ ਨੇ ਆਪਣੀਆਂ ਜਮੀਨਾਂ-ਜਾਇਦਾਦਾਂ ਕੁਰਕ ਕਰਵਾ ਲਈਆਂ ਤਾਂ ਕਿ ਦੇਸ਼ ਦੇ ਕਰੋੜਾਂ ਲੋਕ ਲੁੱਟ-ਘਸੱੁਟ ਦੇ ਰਾਜ ਤੋਂ ਮੁਕਤ ਹੋ ਕੇ ਅਜ਼ਾਦ ਫਿਜ਼ਾ ’ਚ ਸਾਹ ਲੈ ਸਕਣ। ਇਨਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਗ਼ਦਰ ਪਾਰਟੀ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ 19 ਸਾਲ ਦੀ ਉਮਰ ’ਚ ਸ਼ਹਾਦਤ ਦਾ ਜਾਮ ਪੀ ਲਿਆ। ਸਕੂਲ ਦੇ ਪਿ੍ਰੰਸੀਪਲ ਮੈਡਮ ਸੁਧਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੇ ਮੁੱਖ ਮਹਿਮਾਨ ਨੇੜਲੇ ਸਕੂਲ ਪੱਖੀਕਲਾਂ ਦੇ ਪਿ੍ਰੰਸੀਪਲ ਮੈਡਮ ਰਾਜਵਿੰਦਰ ਕੌਰ ਪੂਨੀਆਂ ਸ਼ਾਮਲ ਹੋਏ। ਸਮਾਗਮ ਨੂੰ ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਮਾ. ਸੋਮਨਾਥ ਅਰੋੜਾ, ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਬਾਬਾ ਫਰੀਦ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ, ਮਨਦੀਪ ਸਿੰਘ ਮਿੰਟੂ ਗਿੱਲ, ਤਰਕਸ਼ੀਲ ਆਗੂ ਸੁਖਚੈਨ ਸਿੰਘ ਥਾਂਦੇਵਾਲਾ, ਉੱਘੇ ਸਮਾਜਸੇਵੀ ਸੁਖਵਿੰਦਰ ਸਿੰਘ ਬੱਬੂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਨੌਜਵਾਨ ਪੀੜੀ ਲਈ ਕਰਤਾਰ ਸਿੰਘ ਸਰਾਭੇ ਤੋਂ ਬਿਹਤਰ ‘ਰੋਲ ਮਾਡਲ’ ਹੋਰ ਕੋਈ ਨਹੀਂ ਹੋ ਸਕਦਾ, ਜਿਵੇਂ ਉਹ ਭਗਤ ਸਿੰਘ ਲਈ ਸੀ। ਬੁਲਾਰਿਆਂ ਨੇ ਕਿਹਾ ਕਿ ਜਿਵੇਂ ਸਾਡੇ ਅਜ਼ਾਦੀ ਸੰਗਰਾਮ ਦੇ ਸ਼ਹੀਦ ਧਰਮਾਂ ਅਤੇ ਜਾਤਾਂ ਦੀ ਫਿਰਕੂ ਨਫ਼ਰਤ ਦੇ ਜਹਿਰ ਤੋਂ ਮੁਕਤ ਉੱਚੀ ਸੱੁਚੀ ਸੋਚ ਦੇ ਮਾਲਿਕ ਸਨ, ਸਿਰਫ਼ ਇਸੇ ਰਾਹ ’ਤੇ ਚੱਲ ਕੇ ਭਾਰਤ ਦੀ ਏਕਤਾ ਅਤੇ ਖੁਸ਼ਹਾਲੀ ਦੀ ਗਰੰਟੀ ਕੀਤੀ ਜਾ ਸਕਦੀ ਹੈ। ਪਿ੍ਰੰਸੀਪਲ ਮੈਡਮ ਰਾਜਵਿੰਦਰ ਕੌਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕਰਤਾਰ ਸਿੰਘ ਸਰਾਭਾ ਜੀ ਅਤੇ ਉਨਾਂ ਦੇ ਸਾਥੀ ਮਨੁੱਖ ਜਾਤੀ ਦੇ ਮਹਾਨ ਆਦਰਸ਼ਾਂ-ਅਜ਼ਾਦੀ, ਬਰਾਬਰੀ ਅਤੇ ਸਾਂਝੀਵਾਲਤਾ-ਖਾਤਰ ਲੜੇ ਅਤੇ ਇਨਾਂ ਆਦਰਸ਼ਾਂ ਨੂੰ ਅਪਣਾਅ ਕੇ ਹੀ ਅਸੀਂ ਸ਼ਹੀਦਾਂ ਦੇ ਸੱਚੇ ਵਾਰਿਸ ਅਖਵਾ ਸਕਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੋਦ ਕੁਮਾਰ ਸ਼ਰਮਾ ਸੇਵਾਮੁਕਤ ਮੁੱਖ ਅਧਿਆਪਕ, ਇਕਬਾਲ ਸਿੰਘ ਮੰਘੇੜਾ, ਸੁਖਦਰਸ਼ਨ ਸਿੰਘ ਗਿੱਲ, ਦਲਜਿੰਦਰ ਸਿੰਘ ਸੰਧੂ, ਸੁਪਰਡੈਂਟ ਜਗਜੀਤ ਸਿੰਘ ਅਤੇ ਦਵਿੰਦਰ ਸ਼ਰਮਾ ਆਦਿ ਵੀ ਹਾਜ਼ਰ ਸਨ। ਅਰਾਈਆਂਵਾਲਾ ਕਲਾਂ ਅਤੇ ਪੱਖੀਕਲਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਕਰਤਾਰ ਸਿੰਘ ਸਰਾਭਾ ਨਾਲ ਸਬੰਧਤ ਵਿਚਾਰ, ਗੀਤ ਅਤੇ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ। ਸੁਸਾਇਟੀ ਵਲੋਂ ਰਵਾਇਤ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਕਲਾਂ ਦੇ ਹਰ ਜਮਾਤ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਕੂਲ ਦੇ ਪਿ੍ਰੰਸੀਪਲ ਮੈਡਮ ਸੁਧਾ ਨੇ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮਹਿਮਾਨਾਂ ਦਾ ਸਕੂਲ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਧੰਨਵਾਦ ਕੀਤਾ ਗਿਆ।