Image default
ਤਾਜਾ ਖਬਰਾਂ

ਸ਼੍ਰੋਮਣੀ ਕਮੇਟੀ ਬਾਦਲਾਂ ਦੇ ਚੈਨਲ ਪੀਟੀਸੀ ਰਾਹੀ ਗੁਰਬਾਣੀ ਦਾ ਵਪਾਰੀਕਰਨ ਬੰਦ ਕਰਵਾਏ, ਆਪਣਾ ਟੀਵੀ ਚਲਾਏ: ਜਾਂਚ ਰੀਪੋਰਟ

ਸ਼੍ਰੋਮਣੀ ਕਮੇਟੀ ਬਾਦਲਾਂ ਦੇ ਚੈਨਲ ਪੀਟੀਸੀ ਰਾਹੀ ਗੁਰਬਾਣੀ ਦਾ ਵਪਾਰੀਕਰਨ ਬੰਦ ਕਰਵਾਏ, ਆਪਣਾ ਟੀਵੀ ਚਲਾਏ: ਜਾਂਚ ਰੀਪੋਰਟ
ਚੰਡੀਗੜ੍ਹ, 2 ਅਪ੍ਰੈਲ (2022) ਕੁਝ ਸਾਲਾਂ ਪਹਿਲਾਂ ਗੁਰਬਾਣੀ ਦੇ ਵਸਤੂਕਰਨ ਅਤੇ ਵਪਾਰੀਕਰਨ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜ੍ਹਾਂ ਦੀ ਛਪਾਈ ਨੂੰ ਆਪਣੇ ਰਾਹੀ ਸ਼ੁਰੂ ਕਰਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਬੀੜ੍ਹਾਂ ਛਾਪਣ ਉੱਤੇ ਪੂਰਨ ਪਾਬੰਦੀ ਲਾ ਦਿੱਤੀ ਸੀ। ਉਸੇ ਤਰਜ਼ ਉੱਤੇ ਬਾਦਲਾਂ ਦੇ ਨਿੱਜੀ ਟੀਵੀ ਚੈਨਲ ਪੀਟੀਸੀ ਵੱਲੋਂ ਪੇਡ ਕੇਬਲ ਨੈੱਟਵਰਕ ਰਾਹੀ ਦਰਬਾਰੀ ਸਾਹਿਬ ਅੰਮ੍ਰਿਤਸਰ ਤੋ ਰੋਜ਼ਾਨਾ ਕੀਰਤਨ ਪ੍ਰਸਾਰਣ ਕਰਨ ਨਾਲ ਗੁਰਬਾਣੀ ਦੇ ਹੋ ਰਹੇ ਵਪਾਰੀਕਰਨ ਨੂੰ ਸ਼੍ਰੋਮਣੀ ਕਮੇਟੀ ਤਰੁੰਤ ਬੰਦ ਕਰੇ ਅਤੇ ਬੀੜ੍ਹਾਂ ਛਾਪਣ ਦੀ ਤਰਜ਼ ਉੱਤੇ ਆਪਣਾ ਟੀਵੀ ਚੈਨਲ ਸ਼ੁਰੂ ਕਰੇ। ਇਹ ਮੰਗ ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿੱਚ ਅੱਜ ਜਾਰੀ ਕੀਤੀ ਜਾਂਚ ਰੀਪੋਰਟ ਵਿੱਚ ਕੀਤੀ ਗਈ ਹੈ। ਤਿੰਨ ਹਫਤੇ ਪਹਿਲਾ ਪੀਟੀਸੀ ਚੈਨਲ ਦੇ ਸੈਕਸ ਸਕੈਂਡਲ ਵਿੱਚ ਸ਼ਮੂਲੀਅਤ ਹੋਣ ਉਪਰੰਤ ਮੁਹਾਲੀ ਵਿੱਚ ਪੁਲਿਸ ਕੇਸ਼ ਦਰਜ਼ ਹੋ ਗਿਆ ਹੈ। ਜਿਸ ਕਰਕੇ, ਇਹ ਚੈਨਲ ਪਵਿੱਤਰ ਗੁਰਬਾਣੀ ਨੂੰ ਟੈਲੀਕਾਸਟ ਕਰਨ ਦਾ ਨੈਤਿਕ ਅਧਿਕਾਰ ਵੀ ਖੋ ਬੈਠਾ ਹੈ। ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਦੇ ਜਥੇਦਾਰ ਦੇ ਆਦੇਸ਼ਾਂ ਮੁਤਾਬਿਕ ਆਪਣਾ ਟੀਵੀ ਚੈਨਲ ਚਲਾ ਕੇ ਸਿੱਖ ਸੰਗਤ ਲਈ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਮੁਫਤ ਪ੍ਰਸਾਰ ਕਰਨਾ ਚਾਹੀਦਾ ਹੈ ਜਿਵੇਂ ਹਿੰਦੂ, ਮਸੁਲਮਾਨ ਅਤੇ ਬੌਧੀ ਤੀਰਥ ਅਸਥਾਨ ਪਹਿਲਾਂ ਹੀ ਕਰ ਰਹੇ ਹਨ। ਲੰਬੇ ਸਮੇਂ ਤੋਂ ਬਾਦਲਾਂ ਦੀ ਕੰਟਰੋਲ ਹੇਠ ਚਲਦੀ ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤ ਦੀਆਂ ਪੀਟੀਸੀ ਵਿਰੁੱਧ ਹਜ਼ਾਰਾਂ ਸ਼ਿਕਾਇਤਾਂ ਅਤੇ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਮਤੇ ਦੀ ਪ੍ਰਵਾਹ ਨਾ ਕਰਦਿਆਂ ਇਸ ਚੈਨਲ ਨੇ ਆਪਣੀ ਅਜ਼ਾਰੇਦਾਰੀ ਅਤੇ ਆਪ ਹੁਦਰਾਪਣ ਕਾਇਮ ਰੱਖਿਆ ਹੋਇਆ ਹੈ। ਸਿੱਖ ਸੰਗਤ ਦੀ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰਖਦਿਆਂ 17 ਜਨਵਰੀ 2020 ਨੂੰ ਕੇਂਦਰੀ ਸਿੰਘ ਸਭਾ ਦੇ ਭਵਨ ਵਿੱਚ ਹੋਈ ਸਿੱਖ ਚਿੰਤਕਾਂ ਦੀ ਮੀਟਿੰਗ ਨੇ ਇੱਕ ਛੇ-ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਪੀਟੀਸੀ ਦੀਆਂ ਧਾਂਦਲੀਆਂ/ਧੱਕੇਸ਼ਾਹੀਆਂ ਅਤੇ ਸ਼੍ਰੋਮਣੀ ਕਮੇਟੀ ਬੇਨਿਯਮੀਆਂ ਬਾਰੇ 245 ਸਫਿਆਂ ਦੀ ਦਸਤਾਵੇਜ਼ੀ ਰੀਪੋਰਟ ਤਿਆਰ ਕੀਤੀ ਹੈ। ਜਿਹੜੀ ਅੱਜ 2 ਅਪ੍ਰੈਲ 2022 ਨੂੰ ਸਿੰਘ ਸਭਾ ਦੇ ਵਿਹੜੇ ਵਿੱਚ ਜਨਤਕ ਕੀਤੀ ਗਈ। ਕਮੇਟੀ ਮੈਂਬਰ ਹਨ: ਪੱਤਰਕਾਰ ਚੰਚਲ ਮਨੋਹਰ ਸਿੰਘ, ਸਿੱਖ ਵਿਦਵਾਨ ਅਜੈਪਾਲ ਸਿੰਘ ਬਰਾੜ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਪ੍ਰੋਫੈਸਰ ਜਗਮੋਹਨ ਸਿੰਘ, ਸਾਬਕਾ ਪ੍ਰਧਾਨ ਸਿੱਖ ਸਟੂਡੈਟਸ ਫੈਂਡਰੇਸ਼ਨ ਪਰਮਜੀਤ ਸਿੰਘ ਗਾਜ਼ੀ ਅਤੇ ਐਡੀਟਰ ਖਾਲਸ ਟੀਵੀ ਬੀਬੀ ਹਰਸ਼ਰਨ ਕੌਰ। ਪ੍ਰਾਈਵੇਟ ਟੀਵੀ ਚੈਨਲਾਂ ਦੇ ਮਾਰਕਿਟ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਟੈਲੀਕਾਸਟ ਕਰਨ ਦਾ ਪਹਿਲਾਂ ਸਮਝੌਤਾ ਨਵੰਬਰ 1998 ਵਿੱਚ ਪੰਜਾਬੀ ਵਰਲਡ ਚੈਨਲ ਨਾਲ ਕੀਤਾ। ਉਸ ਸਮਝੌਤੇ ਨੂੰ ਤੋੜ੍ਹਕੇ ਉਸ ਸਮੇਂ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਫਿਰ ਦਿੱਲੀ ਦੇ ਟੀਵੀ ਚੈਨਲ ਨਾਲ ਅਤੇ ਬਾਅਦ ਵਿੱਚ ਈਟੀਸੀ ਟੀਵੀ ਨਾਲ ਅੰਦਰੋ ਖਾਤੇ ਸਮਝੌਤਾ ਕਰ ਲਿਆ। ਕਮੇਟੀ ਦੇ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਈਟੀਸੀ ਮੁਤਾਬਿਕ ਤੋੜ੍ਹ-ਮਰੋੜ ਦਿੱਤੀਆ ਸਨ। (ਦੇਖੋ ਰੀਪੋਰਟ ਅੰਤਿਕਾ 42) ਅੰਦਰੋਂ ਅੰਦਰੀ ਫਿਰ ਈਟੀਸੀ ਨੇ ਗੁਰਬਾਣੀ ਟੈਲੀਕਾਸਟ ਦੇ ਅਧਿਕਾਰ ਜੀ-ਨੈਕਸਟ ਮੀਡੀਆਂ ਨੂੰ ਤਬਦੀਲ ਕਰ ਦਿੱਤੇ ਜਿਹੜਾ ਪੀਟੀਸੀ ਨੈੱਟਵਰਕ ਦੇ ਰੂਪ ਵਿੱਚ ਸਾਹਮਣੇ ਆਇਆ। ਬਾਦਲਾਂ ਨੇ ਸੱਤਾ ਵਿੱਚ ਆਉਣ ਪਿੱਛੋਂ ਤਾਂ ਸ਼੍ਰੋਮਣੀ ਕਮੇਟੀ ਦੀਆਂ ਸਥਾਪਿਤ ਰਵਾਇਤਾਂ ਅਤੇ ਅਮਲਾਂ ਨੂੰ ਵੀਂ ਉਲੰਘ ਦਿੱਤਾ ਅਤੇ ਪੀਟੀਸੀ ਮੁਤਾਬਿਕ ਹੀ ਹਰ ਤਬਦੀਲੀ ਕੀਤੀ (ਰੀਪੋਰਟ ਸਫਾ 17-18) ਅਤੇ ਪਹਿਲੇ ਸਮਝੌਤਿਆਂ ਨੂੰ ਤੋੜ-ਮਰੋੜਿਆ ਗਿਆ। ਅੰਦਰੋਂ ਅੰਦਰੀ ਕਮੇਟੀ ਨੇ ਚੈਨਲ ਨੂੰ ਮਸ਼ਹੂਰੀਆਂ ਤੋਂ ਹੋਣ ਵਾਲੀ ਕਮਾਈ ਵਿੱਚੋਂ ਬਣਦਾ ਆਪਣਾ ਹਿੱਸਾ ਖਤਮ ਕਰ ਦਿੱਤਾ। ਛੇ ਹਿੱਸਿਆ ਵਿੱਚ ਵੰਡੀ ਰੀਪੋਰਟ ਵਿੱਚ ਟੀਵੀ ਚੈਨਲਾਂ ਅਤੇ ਸ਼੍ਰੋਮਣੀ ਕਮੇਟੀ ਦਰਮਿਆਨ ਹੋਈ ਮੌਲਿਖ ਚਿੱਠੀ-ਪੱਤਰ ਦੀਆਂ 78 ਨਕਲਾਂ ਲੱਗੀਆਂ ਹੋਈਆ ਹਨ। ਜਾਂਚ ਰੀਪਰੋਟ ਵਿੱਚ ਦਰਜ਼ ਹੈ ਕਿ ਬੇਨਿਯਮ, ਆਪਹੁਦਰੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਨਾਲ ਈਟੀਸੀ ਨਾਲ ਨਾ-ਟੁੱਟਣ ਵਾਲਾ ਗੁਰਬਾਣੀ ਪ੍ਰਸਾਰਣ ਇਕਰਾਰਨਾਮਾ 11 ਸਾਲ ਤੱਕ ਵਧਾ ਦਿੱਤਾ, ਮੁਆਇਦਾ ਤੋੜਨ ਦਾ ਜੁਰਮਾਨਾ ਖਤਮ ਕਰ ਦਿੱਤਾ ਅਤੇ ਅੰਦਰੋ ਅੰਦਰੀ ਈਟੀਸੀ ਦੇ ਗੁਰਬਾਣੀ ਪ੍ਰਸਾਰਣ ਦੇ ਹੱਕ ਪੀਟੀਸੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਤਬਦੀਲ ਕਰ ਦਿੱਤੇ। ਪਹਿਲਾਂ 2003 ਵਿੱਚ ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤ ਦੀਆਂ ਹਜ਼ਾਰਾਂ ਸ਼ਿਕਾਇਤਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਦੋਂ ਈਟੀਸੀ ਨੇ “ਡਿਗੀ ਕੇਬਲ ਨੈੱਟਵਰਕ” ਸ਼ੁਰੂ ਕਰਕੇ, ਟਾਟਾ ਸਕਾਈ ਅਤੇ ਡੀਟੀਐਚ ਪਲੇਟਫਾਰਮਾਂ ਉੱਤੇ ਹੋ ਰਿਹਾ ਗੁਰਬਾਣੀ ਦਾ ਮੁਫਤ ਟੈਲੀਕਾਸਟ ਬੰਦ ਕਰਵਾ ਦਿੱਤਾ ਸੀ। ਅੱਜ ਤੱਕ, ਉਸ ਸਮੇਂ ਤੋਂ ਸਾਰੇ ਦੁਨੀਆਂ ਵਿੱਚ ਰਹਿੰਦੇ ਸਿੱਖ ਗੁਰਬਾਣੀਆਂ ਅਤੇ ਹੁਕਮਨਾਮੇ ਨੂੰ ਸਰਵਨ ਕਰਨ ਲਈ ਜੇਬਾਂ ਵਿੱਚੋਂ ਪੈਸੇ ਦੇ ਰਹੇ ਹਨ। ਦੂਜੇ ਪਾਸੇ, ਤ੍ਰਿਪਤੀ ਅਤੇ ਹੋਰ ਹਿੰਦੂ ਮੰਦਰ ਬਕਾਇਦਾ ਟੈਂਡਰ ਮੰਗਵਾਕੇ, ਪਾਰਦਰਸ਼ੀ ਤਰੀਕੇ ਨਾਲ ਟੈਲੀਕਾਸਟ ਦੇ ਹੱਕ ਦਿੰਦੇ ਹਨ। ਪ੍ਰਾਈਵੇਟ ਚੈਨਲਾਂ ਨੂੰ ਧਾਰਮਿਕ ਪ੍ਰੋਗਰਾਮ ਪ੍ਰਸਾਰਣ ਦਾ ਹੱਕ ਦੇਣ ਤੋਂ ਇਲਾਵਾਂ, ਮੱਕਾ ਸ਼ਰੀਫ ਨੇ ਹਾਜੀਆਂ ਲਈ ਧਾਰਮਿਕ ਪ੍ਰੋਗਰਾਮ ਮੁਫਤ ਪ੍ਰਸਾਰਣ ਕਰਨ ਲਈ ਸੌਦੀ ਬਰਾਡ ਕਾਸਟਿੰਗ ਕਾਰਪੋਰੇਸ਼ਨ ਬਣਾਈ ਹੈ, ਕਾਂਸ਼ੀ ਵਿਸ਼ਵਾਨਾਥ, ਵੈਸ਼ਨੋ ਦੇਵੀ, ਜਗਨ ਨਾਥਪੁਰੀ ਅਤੇ ਬੌਧੀ ਮੰਦਰਾਂ ਨੇ ਮੁਫਤ ਧਾਰਮਿਕ ਪ੍ਰਸਾਰਣ ਕਰਨ ਬੰਦੋਬਸ਼ਤ ਕੀਤੇ ਹੋਏ ਹਨ। ਇੱਥੋਂ ਤੱਕ, ਜਾਂਚ ਰੀਪੋਰਟ ਅਨੁਸਾਰ ਜਿਹੜੀਆਂ ਸਿੱਖ ਸਾਈਟਸ ਨੇ ਪਵਿੱਤਰ ਹੁਕਮਨਾਮੇ ਨੂੰ ਅੱਗੇ ਸਿੱਖ ਸੰਗਤ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਵਿਰੁੱਧ ਪੀਟੀਸੀ ਮੈਨੇਜ਼ਮੈਂਟ ਨੇ ਗੁਰਬਾਣੀ ਉੱਤੇ ਆਪਣਾ ‘ਕਾਪੀ ਰਾਈਟ’ ਅਤੇ ‘ਬੌਧਿਕ ਜਾਇਦਾਤੀ ਹੱਕ’ (ਆਈ ਪੀ ਆਰ) ਜਿਤਾਇਆ। ਫੇਸਬੁਕ ਅਤੇ ਹੋਰ ਸ਼ੋਸ਼ਲ ਸਾਇਟਸ ਦੀ ਮੈਨੇਜਮੈਂਟ ਨੂੰ ਪਹੁੰਚ ਕਰਕੇ, ਸ਼ੋਸਲ ਸਾਇਟਜ਼ ਵਿਰੁੱਧ ਐਕਸ਼ਨ ਕਰਵਾਇਆ ਗਿਆ। ਹੈਰਾਨੀ ਹੈ ਕਿ ਪੀਟੀਸੀ 2015 ਤੱਕ ਇਕ ਕਰੋੜ ਪੰਜਾਹ ਲੱਖ ਰੁਪਏ ਦੀ ਰਾਸ਼ੀ ਗੁਰਬਾਣੀ ਟੈਲੀਕਾਸਟ ਲਈ ਸ਼੍ਰੋਮਣੀ ਕਮੇਟੀ ਨੂੰ ਦਿੰਦੀ ਸੀ। ਪਰ ਕਦੇ ਇਹ ਰਾਸ਼ੀ ਕਈ ਵਾਰੀ ਵੱਧ ਘੱਟ ਵੀ ਹੋਈ ਅਤੇ ਸਮੇਂ ਸਿਰ ਵੀ ਨਹੀਂ ਦਿੱਤੀ ਗਈ। ਜਾਂਚ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਮਾਰਕਿਟ ਸੂਚਨਾਵਾਂ ਅਨੁਸਾਰ ਦੋ-ਤਿੰਨ ਕਰੋੜ ਦੀ ਪੂੰਜੀ ਨਾਲ ਸ਼ੁਰੂ ਹੋਇਆ ਪੀਟੀਸੀ ਚੈਨਲ ਦੀ ਪੂੰਜੀ ਹੁਣ ਵੱਧਕੇ ਇਕ ਹਜ਼ਾਰ ਕਰੋੜ ਰੁਪਏ ਦੀ ਹੱਦ ਤੱਕ ਪਹੁੰਚ ਗਈ ਹੈ। ਜਾਂਚ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਜ਼ਮੀਰ ਦੀ ਅਵਾਜ਼ ਸੁਣਦਿਆਂ ਉਹ ਗੁਰਬਾਣੀ ਦੇ ਵਸਤੂਕਰਨ ਅਤੇ ਵਪਾਰੀਕਰਨ ਨੂੰ ਤਰੁੰਤ ਰੋਕਣ। ਜਾਂਚ ਜਥੇ ਦੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਪੀਟੀਸੀ ਨਾਲ ਸਬੰਧਤ ਮੁਹਾਲੀ ਵਾਲੇ ਸੈਕਸ਼ ਸਕੈਂਡਲ ਦੀ ਜਾਂਚ ਪੜ੍ਹਤਾਲ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਤੇਜ਼ ਕਰੇ।
ਸਪੰਰਕ ਨੰਬਰ. 98725-00244

Related posts

ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ

punjabdiary

Breaking- ਨੋਇਡਾ ਦੇ ਸੈਕਟਰ 93 ‘ਚ ਬਣੇ 100 ਮੀਟਰ ਤੋਂ ਵੱਧ ਉਚਾਈ ਵਾਲੇ ਸੁਪਰਟੈੱਕ ਟਵਿਨ ਟਾਵਰ ਨੂੰ ਢਹਿ-ਢੇਰੀ ਕੀਤਾ ਗਿਆ

punjabdiary

ਹਾਈ ਕੋਰਟ ਨੇ ਖਰੜ ਸੀਆਈਏ ਸਟਾਫ਼ ਨਿਯੁਕਤੀ ਵਿਵਾਦ ਵਿੱਚ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

Balwinder hali

Leave a Comment