ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਐੱਮ ਐੱਲ ਏ ਗੁਰਦਿੱਤ ਸੇਖੋਂ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ
* ਬੀ.ਐੱਸ.ਸੀ ਐਗਰੀਕਲਚਰ( ਆਨਰ) ਦਾ 60 ਬੱਚਿਆਂ ਦੇ ਨਾਲ ਪਹਿਲਾ ਬੈਚ ਹੋਵੇਗਾ ਸ਼ੁਰੂ
ਫ਼ਰੀਦਕੋਟ 17 ਅਗਸਤ (ਪੰਜਾਬ ਡਾਇਰੀ)- ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵਲੋਂ ਲਗਾਤਾਰ ਕੋਸ਼ਿਸ਼ਾਂ ਦੇ ਸਦਕਾ ਹੁਣ ਜ਼ਿਲ੍ਹਾ ਫ਼ਰੀਦਕੋਟ ਅਤੇ ਆਸ ਪਾਸ ਦੇ ਇਲਾਕੇ ਦੇ ਬੱਚੇ ਬੀ.ਐੱਸ.ਸੀ ਖੇਤੀਬਾੜੀ ( ਆਨਰ) ਦਾ 4 ਸਾਲ ਦਾ ਕੋਰਸ ਕਰ ਸਕਣਗੇ।
ਪ੍ਰਿੰਸੀਪਲ ਸੈਕਟਰੀ ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਵੱਲੋ ਆਰਜੀ ਤੌਰ ਤੇ 60 ਬੱਚਿਆਂ ਦੇ ਬੈਚ ਨਾਲ ਇਸ ਕੋਰਸ ਲਈ ਪ੍ਰਸ਼ਾਸਕੀ ਪ੍ਰਵਾਨਗੀ ਮਿਲ ਗਈ ਹੈ।
ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਜੋ ਵੀ ਕਮੀਆਂ ਪੇਸ਼ੀਆਂ ਇਸ ਕੋਰਸ ਨੂੰ ਚਲਾਉਣ ਲਈ ਦਰਪੇਸ਼ ਆ ਰਹੀਆ ਨੇ, ਉਸ ਨੂੰ 6 ਮਹੀਨੇ ਵਿੱਚ ਪੂਰਾ ਕਰਨ ਲਈ ਵੀ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਪੀਕਰ ਸੰਧਵਾਂ ਵੱਲੋਂ ਇਸ ਕੋਰਸ ਨੂੰ ਸ਼ੁਰੂ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਵਿਖੇ ਸਬੰਧਿਤ ਮੰਤਰੀਆਂ, ਉੱਚ ਅਧਿਕਾਰੀਆਂ, ਵਿਧਾਇਕਾਂ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਅਤੇ ਹੋਰ ਵਿਭਾਗੀ ਮੁਖੀਆਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਸੀ।
ਸਪੀਕਰ ਸਾਹਿਬ ਦੇ ਆਦੇਸ਼ਾਂ ਮੁਤਾਬਿਕ ਕੇ ਏ ਪੀ ਸਿਨਹਾ ਸਪੈਸ਼ਲ ਚੀਫ਼ ਸੈਕਟਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਪ੍ਰਧਾਨਗੀ ਹੇਠ ਪੰਜਾਬ ਸਟੇਟ ਕੌਂਸਲ ਫਾਰ ਖੇਤੀਬਾੜੀ ਸਿੱਖਿਆ ਦੀ ਮੀਟਿੰਗ ਹੋਈ ਜਿਸ ਵਿੱਚ ਵਾਇਸ ਚੇਅਰਪਰਸਨ ਡਾ. ਸਤਬੀਰ ਸਿੰਘ ਗੋਸਲ ਵਾਇਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਮੈਂਬਰ ਸੈਕਟਰੀ ਰਾਹੁਲ ਗੁਪਤਾ ਐਡੀਸ਼ਨਲ ਸੈਕਟਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਐਕਸ ਓਫੀਸੋ ਡਾ. ਐੱਮ ਆਈ ਐੱਸ ਗਿੱਲ ਡੀਨ ਕਾਲਜ ਆਫ ਹੋਰਟੀਕਲਚਰ ਐਂਡ ਫੋਰੈਸਟਰੀ, ਐਕਸ ਓਫੀਸੋ ਡਾ. ਰਵਿੰਦਰ ਕੌਰ ਧਾਲੀਵਾਲ ਡੀਨ ਕਾਲਜ ਆਫ ਐਗਰੀਕਲਚਰਲ ਲੁਧਿਆਣਾ ਦੀ ਹਾਜ਼ਰੀ ਚ ਪ੍ਰਸ਼ਾਸਕੀ ਪ੍ਰਵਾਨਗੀ ਪ੍ਰਵਾਨ ਕੀਤੀ ਗਈ।
ਫਰੀਦਕੋਟ ਜਿਲੇ ਦੀਆਂ ਵੱਖ ਵੱਖ ਸ਼ਖ਼ਸੀਅਤਾਂ, ਸਿੱਖਿਆ ਸਾਸ਼ਤਰੀਆ ਅਤੇ ਸਮਾਜ ਸੇਵੀਆਂ ਵੱਲੋਂ ਇਸ ਉਪਰਾਲੇ ਲਈ ਸਪੀਕਰ ਸੰਧਵਾਂ ਅਤੇ ਜਿਲੇ ਦੇ ਵਿਧਾਇਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।