ਸਪੀਕਰ ਸੰਧਵਾਂ ਦਾ ਐਲਾਨ, ਵਿਧਾਨ ਸਭਾ ਦੇ ਅਗਲੇ ਸੈਸ਼ਨ ਦੌਰਾਨ ਕੀਤੀ ਜਾਵੇਗੀ ਨਵੀਂ ਪਹਿਲ
ਚੰਡੀਗੜ੍ਹ, 21 ਜੂਨ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਹੈ ਕਿ ਵਾਤਾਵਰਨ ਪੱਖੀ ਪਹਿਲਕਦਮੀ ਤਹਿਤ ਪੰਜਾਬ ਵਿਧਾਨ ਸਭਾ ਦੇ ਸਦਨ ਦਾ ਸਾਰਾ ਕੰਮਕਾਜ ਜਲਦੀ ਹੀ ਕਾਗਜ਼ ਰਹਿਤ (Paperless) ਹੋਵੇਗਾ।
ਸਪੀਕਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਜਟ ਸੈਸ਼ਨ ਦੌਰਾਨ ਕੀਤੇ ਗਏ ਐਲਾਨ ਮੁਤਾਬਕ ਵਾਤਾਵਰਨ ਪੱਖੀ ਪਹਿਲਕਦਮੀ ਵਜੋਂ ਸਰਕਾਰ ਨੇ ਸਾਰੇ ਵਿਧਾਇਕਾਂ ਦੇ ਡੈਸਕਾਂ ‘ਤੇ ਟੈਬਲੇਟ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਵਿਧਾਨ ਸਭਾ ਦੀ ਕਾਰਵਾਈ ਆਨਲਾਈਨ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਟੈਬਲੈੱਟਾਂ ਦੀ ਖਰੀਦ ਸਬੰਧੀ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਗਲੇ ਸੈਸ਼ਨ ਤੋਂ ਸਦਨ ਦੀ ਸਾਰੀ ਕਾਰਵਾਈ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਦਨ ਨਾਲ ਸਬੰਧਤ ਸਾਰੀ ਜਾਣਕਾਰੀ ਦਾ ਆਦਾਨ-ਪ੍ਰਦਾਨ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ ਰਾਹੀਂ ਕੀਤਾ ਜਾਵੇਗਾ ਅਤੇ ਸਦਨ ਦੇ ਮੇਜ਼ ‘ਤੇ ਰੱਖੇ ਜਾਣ ਵਾਲੇ ਕਾਗਜ਼ਾਤ ਵੀ ਇਲੈਕਟ੍ਰਾਨਿਕ ਤਰੀਕੇ ਨਾਲ ਰੱਖੇ ਜਾਣਗੇ। ਸੰਧਵਾਂ ਨੇ ਕਿਹਾ ਕਿ ਇਸ ਨਾਲ ਸਦਨ ਦੇ ਕੰਮਕਾਜ ਵਿੱਚ ਹੋਰ ਪਾਰਦਰਸ਼ਿਤਾ ਆਵੇਗੀ।
ਉਨ੍ਹਾਂ ਕਿਹਾ ਕਿ ਐਨ.ਆਈ.ਸੀ. ਪੰਜਾਬ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਸਹਿਯੋਗ ਨਾਲ 26 ਜੂਨ, 2023 ਨੂੰ ਸੂਬੇ ਦੇ ਸਾਰੇ ਵਿਭਾਗਾਂ ਦੇ ਨੋਡਲ ਅਫ਼ਸਰਾਂ ਨੂੰ ਵਿਧਾਨ ਸਭਾ ਸਕੱਤਰੇਤ ਵੱਲੋਂ ਭੇਜੇ ਗਏ ਨੋਟਿਸਾਂ ਦਾ ਜਵਾਬ ਦੇਣ ਲਈ ਇੱਕ ਵਿਸ਼ੇਸ਼ ਸਿਖਲਾਈ ਦਾ ਆਯੋਜਨ ਕੀਤਾ ਗਿਆ ਹੈ। ਸਪੀਕਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲਕਦਮੀ ਤਹਿਤ ਜੁਲਾਈ ਮਹੀਨੇ ਵਿੱਚ ਸਮੂਹ ਵਿਧਾਇਕਾਂ ਲਈ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਨਵੀਂ ਆਨਲਾਈਨ ਪ੍ਰਣਾਲੀ ਅਤੇ ਪ੍ਰਾਜੈਕਟ ਸਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਸਾਰੇ ਵਿਧਾਇਕਾਂ ਨੂੰ ਦਿੱਤੀ ਜਾਵੇਗੀ।