ਸਰਕਾਰੀ ਸਕੂਲ ਦੇ ਬੱਚਿਆਂ ਦੇ ਭਵਿੱਖ ਦੀ ਨੀਂਹ ਪੱਕੀ ਕਰਨ ਲੱਗੇ ‘ਸਮਰ ਕੈਂਪ’
* ਸੋਚ ਨੂੰ ਵਿਸ਼ਾਲ ਤੇ ਇਰਾਦਿਆਂ ਨੂੰ ਦ੍ਰਿੜ ਕਰਨਗੇ ਇਹ ਕੈਂਪ, ਜਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ
ਫਰੀਦਕੋਟ, 7 ਜੁਲਾਈ (ਪੰਜਾਬ ਡਾਇਰੀ)- ਸਰਕਾਰੀ ਸਕੂਲ ਦੇ ਬੱਚਿਆਂ ਵਿੱਚ ਛਿਪੀ ਕਲਾ ਨੂੰ ਨਿਖਾਰ ਕੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕੁਝ ਨਵਾਂ ਸੋਚਣ ਅਤੇ ਸਿਰਜਣ ਦੇ ਮਨੋਰਥ ਨਾਲ ਲਗਾਏ ਗਏ 13 ਰੋਜਾ ‘ਸਮਰ ਕੈਂਪ’ ਬੱਚਿਆਂ ਦੀ ਜ਼ਿੰਦਗੀ ਦੀ ਨੀਂਹ ਪੱਕੀ ਕਰ ਰਹੇ ਹਨ ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ 3 ਜੁਲਾਈ ਤੋਂ ਸ਼ੁਰੂ ਹੋਏ ਇਹ ਕੈਂਪ 156 ਸਕੂਲਾਂ ਵਿੱਚ ਪ੍ਰੀ-ਪ੍ਰਾਈਮਰੀ ਤੋਂ 14 ਸਾਲਾਂ ਤੱਕ ਦੇ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਮਜਬੂਤ ਕਰ ਰਹੇ ਹਨ ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 7 ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਤਿੰਨ ਭਾਸ਼ਾਵਾਂ (ਅੰਗਰੇਜ਼ੀ, ਹਿੰਦੀ,ਪੰਜਾਬੀ) ਦਾ ਗਿਆਨ ਕਹਾਣੀਆਂ ਸੁਨਾ ਕੇ ਦਿੱਤਾ ਜਾ ਰਿਹਾ ਹੈ । ਤਾਂ ਜੋ ਬੱਚਿਆਂ ਦੀ ਖੁਦ ਦੀ ਸੋਚਣ ਸ਼ਕਤੀ ਵਿੱਚ ਵੀ ਇਜ਼ਾਵਾ ਹੋਵੇ । ਉਨ੍ਹਾਂ ਨੂੰ ਖੁਦ ਵੀ ਕਹਾਣੀ ਲਿਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।
‘ਆਰਟ ਐਂਡ ਕਰਾਫਟ’ ਵਿੱਚ ਬੱਚੇ ਵਿਅਰਥ ਪਈਆਂ ਚੀਜ਼ਾਂ ਵਿੱਚ ਜਾਨ ਫੂਕ ਕੇ ਕੁਝ ਨਿਵੇਕਲਾ ਬਣਾਉਂਦੇ ਹਨ ਅਤੇ ਚਿਤਰਕਾਰੀ ਵੀ ਸਿੱਖਦੇ ਨੇ । ਇਸ ਤੋਂ ਇਲਾਵਾ ਪੋਸਟਰ-ਮੇਕਿੰਗ, ਲਿੰਗ ਸਮਾਨਤਾ ਬਾਰੇ ਅਤੇ ਅਬੈਕਸ ਵਿਧੀ ਰਾਹੀਂ ਗਣਿਤ ਹੱਲ ਕਰਨ ਦੇ ਉਪਵਾਂ ਬਾਰੇ ਜਾਣਕਾਰੀ ਲੈਂਦੇ ਹਨ ।
ਜਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ 3 ਘੰਟਿਆਂ ਦੇ ਸਮੇ ਨੂੰ ਅਧਿਆਪਕਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਵੰਡਿਆ ਹੋਇਆ ਹੈ, ਤਾਂ ਜੋ ਹਰ ਬੱਚਾ ਗਿਆਨ ਅਰਜਿਤ ਕਰਨ ਦੇ ਨਾਲ-ਨਾਲ ਸ਼ਰੀਰਕ ਪੱਖੋਂ ਵੀ ਤਕੜਾ ਹੋਵੇ ।
ਬੱਚਿਆਂ ਵਿੱਚ ਤੰਦਰੁਸਤ ਰਹਿਣ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਨੂੰ ਯੋਗਾ ਅਤੇ ਕੋਕਲਾ-ਛਿਪਾਕੀ ਜਿਹੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ ।
ਕੈਂਪਾਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਜਾਂ ਊਣਤਾਈਆਂ ਦੀ ਨਜ਼ਰਸਾਨੀ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਹਰ ਸਮੇਂ ਅਚੇਨਚੇਤ ਦੌਰੇ ਵੀ ਕੀਤੇ ਜਾ ਰਹੇ ਹਨ ।ਇਨ੍ਹਾਂ ਕੈਂਪਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਵਿੱਚ ਵੀਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਉਪ ਜ਼ਿਲਾ ਸਿੱਖਿਆ ਅਫਸਰ ਪ੍ਰਦੀਪ ਕੁਮਾਰ ਦਿਉੜਾ ਤੋਂ ਇਲਾਵਾ ਡਾ ਮਹਿੰਦਰ ਬਰਾਡ, ਹਾਕੀ ਉਲੰਪੀਅਨ ਰੁਪਿੰਦਰਪਾਲ ਨੇ ਚਾਰ ਸਕੂਲਾਂ ਮਿਡਲ ਸਕੂਲ ਪੱਕਾ, ਮਿਡਲ ਸਕੂਲ ਕਲੇਰ, ਸੀਨੀਅਰ ਸੈਕੇਂਡਰੀ ਸਕੂਲ ਕਲੇਰ, ਸੀਨੀਅਰ ਸੈਕੇਂਡਰੀ ਸਕੂਲ ਚੰਦਬਾਜਾ ਅਤੇ ਹਾਈ ਸਕੂਲ ਟਹਿਣਾ ਦਾ ਦੌਰਾ ਕੀਤਾ ।