ਸਰਕਾਰ ਦਾ ਵੱਡਾ ਫੈਸਲਾ, ਹੁਣ ਬੱਸਾਂ ‘ਚ ਔਰਤਾਂ ਨੂੰ ਦੇਣਾ ਪਵੇਗਾ ਅੱਧਾ ਕਿਰਾਇਆ
ਜੈਪੁਰ, 23 ਜੂਨ (ਪੰਜਾਬੀ ਜਾਗਰਣ)- ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ ਦੀਆਂ ਸਾਰੀਆਂ ਸ਼੍ਰੇਣੀਆਂ ਵਿਚ ਹੁਣ ਮਹਿਲਾ ਯਾਤਰੀਆਂ ਨੂੰ ਅੱਧਾ ਕਿਰਾਇਆ ਅਦਾ ਕਰਨਾ ਪਵੇਗਾ। ਸੂਬਾ ਸਰਕਾਰ ਨੇ ਉਨ੍ਹਾਂ ਨੂੰ ਸਾਰੀਆਂ ਰੋਡਵੇਜ਼ ਬੱਸਾਂ ਦੇ ਕਿਰਾਏ ‘ਚ 50 ਫੀਸਦੀ ਰਿਆਇਤ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਸੂਬਾ ਸਰਕਾਰ ਦੇ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਔਰਤਾਂ ਲਈ ਰੋਡਵੇਜ਼ ਬੱਸਾਂ ਵਿੱਚ ਸਫਰ ਕਰਨ ਲਈ ਰਿਆਇਤ ਦਾ ਘੇਰਾ ਵਧਾ ਦਿੱਤਾ ਹੈ। ਹੁਣ ਔਰਤਾਂ/ਲੜਕੀਆਂ ਨੂੰ ਸੂਬੇ ਦੀਆਂ ਹੱਦਾਂ ਅੰਦਰ ਰਾਜਸਥਾਨ ਰਾਜ ਸੜਕ ਆਵਾਜਾਈ ਨਿਗਮ ਦੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਬੱਸਾਂ ਵਿੱਚ ਸਫ਼ਰ ਕਰਨ ‘ਤੇ 50 ਪ੍ਰਤੀਸ਼ਤ ਰਿਆਇਤ ਦਿੱਤੀ ਜਾਵੇਗੀ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵ ਅਨੁਸਾਰ ਰਾਜਸਥਾਨ ਰਾਜ ਸੜਕ ਆਵਾਜਾਈ ਨਿਗਮ ਦੀਆਂ ਬੱਸਾਂ ਦੀਆਂ ਸਾਰੀਆਂ ਸ਼੍ਰੇਣੀਆਂ ਵਿਚ ਸਫ਼ਰ ਕਰਨ ਲਈ ਔਰਤਾਂ/ਲੜਕੀਆਂ ਤੋਂ ਅੱਧਾ ਕਿਰਾਇਆ ਵਸੂਲਿਆ ਜਾਵੇਗਾ। ਮੌਜੂਦਾ ਸਮੇਂ ਵਿੱਚ ਔਰਤਾਂ/ਲੜਕੀਆਂ ਨੂੰ ਸਿਰਫ਼ ਸਾਧਾਰਨ ਸ਼੍ਰੇਣੀ ਦੀਆਂ ਬੱਸਾਂ ਵਿੱਚ ਸਫ਼ਰ ਕਰਨ ਲਈ 50 ਫ਼ੀਸਦੀ ਰਿਆਇਤ ਦਿੱਤੀ ਜਾ ਰਹੀ ਹੈ। 2023-24 ਦੇ ਬਜਟ ਵਿੱਚ ਮੁੱਖ ਮੰਤਰੀ ਨੇ ਔਰਤਾਂ ਨੂੰ ਸਧਾਰਣ ਰੋਡਵੇਜ਼ ਬੱਸਾਂ ਵਿੱਚ ਸਫਰ ਕਰਨ ਲਈ ਦਿੱਤੀ ਜਾਣ ਵਾਲੀ ਰਿਆਇਤ ਨੂੰ 30 ਤੋਂ ਵਧਾ ਕੇ 50 ਫੀਸਦੀ ਕਰਨ ਦਾ ਐਲਾਨ ਕੀਤਾ ਸੀ। ਇਹ ਐਲਾਨ 1 ਅਪ੍ਰੈਲ, 2023 ਤੋਂ ਲਾਗੂ ਕੀਤਾ ਗਿਆ ਸੀ।