ਸਰਹਿੰਦ ਨਹਿਰ ‘ਚ ਡਿੱਗੀ ਕਾਰ: ਬਜ਼ੁਰਗ ਜੋੜੇ ਦੀਆਂ ਲਾਸ਼ਾਂ ਬਰਾਮਦ, ਦੁਰਘਟਨਾ ਜਾਂ ਖੁਦਕੁਸ਼ੀ ਪੁਲਿਸ ਕਰ ਰਹੀ ਦੋਵਾਂ ਕੋਣਾਂ ਤੋਂ ਜਾਂਚ
ਦੋਰਾਹਾ, 29 ਜੂਨ (ਬਾਬੂਸ਼ਾਹੀ)- ਦੋਰਾਹਾ ਵਿੱਚ ਭਾਰੀ ਮੀਂਹ ਦੌਰਾਨ ਸਰਹਿੰਦ ਨਹਿਰ ਵਿੱਚ ਆਲਟੋ ਕਾਰ ਡਿੱਗੀ। ਇਸ ਘਟਨਾ ‘ਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਫਿਲਹਾਲ ਇਨ੍ਹਾਂ ਦੇ ਆਪਸੀ ਸਬੰਧਾਂ ਬਾਰੇ ਵੀ ਪਛਾਣ ਹੋਣ ਮਗਰੋਂ ਹੀ ਪਤਾ ਲੱਗੇਗਾ। ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਰ ਦੇ ਨੰਬਰ ਤੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਮੁੱਢਲੀ ਜਾਂਚ ਵਿੱਚ ਕਾਰ ਮੋਗਾ ਦੀ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਗੁਰਥਲੀ ਨਹਿਰ ਦੇ ਪੁਲ ਨੇੜੇ ਇੱਕ ਆਲਟੋ ਕਾਰ ਨਹਿਰ ਵਿੱਚ ਡਿੱਗਣ ਨਾਲ ਰੌਲਾ ਪੈ ਗਿਆ। ਨੇੜੇ ਹੀ ਚੌਕ ਵਿੱਚ ਟਰੈਫਿਕ ਪੁਲੀਸ ਦੇ ਏਐਸਆਈ ਗੁਰਦੀਪ ਸਿੰਘ ਮੌਜੂਦ ਸਨ। ਜਿਨ੍ਹਾਂ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ। ਕਾਰ ਨੂੰ ਰੱਸਿਆਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਉਦੋਂ ਤੱਕ ਕਾਰ ਵਿੱਚ ਸਵਾਰ ਦੋਵੇਂ ਬਜੁਰਗਾਂ ਦੀ ਮੌਤ ਹੋ ਚੁੱਕੀ ਸੀ।
ਗੋਤਾਖੋਰ ਘੋਗਾ ਸਿੰਘ ਨੇ ਦੱਸਿਆ ਕਿ ਪੁਲੀਸ ਉਸਨੂੰ ਆਪਣੇ ਨਾਲ ਕਾਰ ਵਿੱਚ ਬਿਠਾ ਕੇ ਮੌਕੇ ’ਤੇ ਲੈ ਕੇ ਗਈ। ਜਦੋਂ ਨਹਿਰ ਚ ਗੋਤਾ ਲਾਇਆ ਗਿਆ ਤਾਂ ਕਾਰ ਦਾ ਪਤਾ ਲੱਗਿਆ। ਜਿਸਤੋਂ ਬਾਅਦ ਕਾਰ ਨੂੰ ਰੱਸਿਆਂ ਨਾਲ ਬਾਹਰ ਕੱਢਿਆ ਗਿਆ। ਇਸ ਵਿੱਚ ਸਵਾਰ ਬਜ਼ੁਰਗ ਆਦਮੀ ਅਤੇ ਔਰਤ ਦੀ ਮੌਤ ਹੋ ਗਈ ਸੀ। ਟਰੈਫਿਕ ਪੁਲੀਸ ਦੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਮਿਲਦਿਆਂ ਹੀ ਕਾਰ ਨੂੰ ਬਾਹਰ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ। ਕਾਰ ਨੂੰ ਬਾਹਰ ਕੱਢ ਲਿਆ ਗਿਆ ਪਰ ਉਸ ਵਿੱਚ ਸਵਾਰ ਦੋ ਜਣੇ ਨਹੀਂ ਬਚ ਸਕੇ। ਉਹਨਾਂ ਦੀ ਪਹਿਲਾਂ ਹੀ ਮੌਤ ਹੋ ਗਈ ਸੀ।
ਜਿਸ ਥਾਂ ਤੋਂ ਕਾਰ ਨਹਿਰ ਵਿੱਚ ਡਿੱਗੀ, ਉੱਥੇ ਕੋਈ ਪੱਥਰ ਨਹੀਂ ਸੀ ਅਤੇ ਨਾ ਹੀ ਜ਼ਿਆਦਾ ਆਵਾਜਾਈ ਸੀ। ਜਿਸ ਕਾਰਨ ਪੁਲਿਸ ਦੋ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਹੈ ਜਾਂ ਖੁਦਕੁਸ਼ੀ। ਆਲੇ-ਦੁਆਲੇ ਦੇ ਲੋਕਾਂ ਕੋਲੋਂ ਪੁੱਛਿਆ ਜਾ ਰਿਹਾ ਹੈ। ਪੁਲਿਸ ਨੇ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ।
ਦੋਰਾਹਾ ਥਾਣੇ ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਪਹਿਲਾ ਕੰਮ ਮ੍ਰਿਤਕਾਂ ਦੀ ਪਛਾਣ ਕਰਨਾ ਹੈ। ਸ਼ਨਾਖਤ ਤੋਂ ਬਾਅਦ ਕਾਫੀ ਹੱਦ ਤੱਕ ਮਾਮਲੇ ਦਾ ਪਤਾ ਲੱਗ ਜਾਵੇਗਾ। ਕਾਰ ਨਹਿਰ ਵਿੱਚ ਕਿਵੇਂ ਡਿੱਗੀ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।