ਸ਼ਹੀਦ ਨਾਇਬ ਸੂਬੇਦਾਰ ਰਮੇਸ਼ ਲਾਲ ਦੇ ਭੋਗ ‘ਤੇ ਸਪੀਕਰ ਸੰਧਵਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਕੀਤੇ ਭੇਂਟ
ਫਰੀਦਕੋਟ, 29 ਅਗਸਤ (ਪੰਜਾਬ ਡਾਇਰੀ)- ਪਿੰਡ ਸਿਰਸੜੀ ਦੇ ਭਾਰਤੀ ਸੈਨਾ ਦੇ ਨਾਇਬ ਸੂਬੇਦਾਰ ਰਮੇਸ਼ ਲਾਲ ਜੋ ਕਿ ਲੇਹ ਵਿਖੇ ਇੱਕ ਹਾਦਸੇ ਦੌਰਾਨ ਸ਼ਹੀਦ ਹੋ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਬੋਲਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਨਾਇਬ ਸੂਬੇਦਾਰ ਰਮੇਸ਼ ਲਾਲ ਦੀ ਬੇਵਕਤੀ ਮੌਤ ਬਹੁਤ ਵੱਡਾ ਘਾਟਾ ਹੈ, ਜੋ ਕਿ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਧਰਮ ਪਤਨੀ ਅਤੇ ਦੋ ਬੱਚਿਆਂ ਦੀ ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਪਰਿਵਾਰ ਦੇ ਮੈਂਬਰਾਂ ਨਾਲ ਖੜ੍ਹੀ ਹੈ ਅਤੇ ਸ਼ਹੀਦ ਦੇ ਸਨਮਾਨ ਹਿੱਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਇੱਕ ਕਰੋੜ ਰੁਪਏ ਦਾ ਚੈੱਕ ਪਹਿਲਾਂ ਹੀ ਸੌਂਪ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਨਾਇਬ ਸੂਬੇਦਾਰ ਸਾਹਿਬ ਦੀ ਯਾਦ ਚ ਪਿੰਡ ਚ ਖੇਡ ਸਟੇਡੀਅਮ ਤੋਂ ਇਲਾਵਾ ਪੰਜਗਰਾਈਂ ਤੋਂ ਨੰਗਲ ਸੜਕ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੀ ਯਾਦਗਾਰ ਅਤੇ ਗੇਟ ਤੋਂ ਇਲਾਵਾ ਪਿੰਡ ਚ ਸਟ੍ਰੀਟ ਲਾਈਟਾਂ ,ਕੰਕਰੀਟ ਬੈਂਚਾਂ ਦੀ ਮੰਗ ਵੀ ਪੂਰੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੂਬੇਦਾਰ ਰਮੇਸ਼ ਲਾਲ ਜੋ ਕਿ ਪਿੰਡ ਸਿਰਸੜੀ ਦੇ ਰਹਿਣ ਵਾਲੇ ਸਨ, ਲੇਹ (ਲੱਦਾਖ) ਵਿਖੇ 19 ਅਗਸਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ ਸਨ। ਉਨ੍ਹਾਂ ਨੂੰ ਪਿਛਲੇ ਦਿਨੀਂ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਸੀ।
ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।