Image default
ਤਾਜਾ ਖਬਰਾਂ

ਸਾਡੀ ਪੱਗ ਨਾਲ ਵੱਖਰੀ ਪਹਿਚਾਣ ਜੱਗ ‘ਤੇ

ਸਾਡੀ ਪੱਗ ਨਾਲ ਵੱਖਰੀ ਪਹਿਚਾਣ ਜੱਗ ‘ਤੇ

 

 

ਵੱਖ-ਵੱਖ ਸੱਭਿਆਚਾਰਾਂ/ਸਮਾਜਾਂ ਵਿੱਚ ਪੱਗ ਬੰਨ੍ਹਣ ਦੇ ਢੰਗ, ਪ੍ਰਤੀਕ, ਮਹੱਤਵ ਅਤੇ ਨਾਂ ਵੱਖ-ਵੱਖ ਮਿਲਦੇ ਰਹੇ ਹਨ। ਠੀਕ ਇਸੇ ਤਰ੍ਹਾਂ ਪੰਜਾਬੀ ਵਿੱਚ ਵੀ ਸਿਰ ਢਕਣ ਦੇ ਇਸ ਪਹਿਰਾਵੇ ਨੂੰ ਪਗੜੀ, ਦਸਤਾਰ, ਚੀਰਾ, ਸਾਫਾ, ਪਰਨਾ, ਮੜਾਸਾ, ਕੇਸਕੀ, ਸਿਰੋਪਾਓ, ਮੁੱਕਾ ਆਦਿ ਕਿਹਾ ਜਾਂਦਾ ਰਿਹਾ ਹੈ। ਹਰੇਕ ਵਿਅਕਤੀ ਦਾ ਪੱਗ ਬੰਨ੍ਹਣ ਦਾ ਢੰਗ ਨਿਵੇਕਲਾ ਹੁੰਦਾ ਹੈ। ਭਾਵੇਂ ਇਹ ਕੱਪੜੇ ਦਾ ਇੱਕ ਟੁਕੜਾ ਹੀ ਹੁੰਦਾ ਹੈ ਪਰ ਸਿਰ ’ਤੇ ਬੱਝ (ਸੱਜ) ਜਾਣ ਨਾਲ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਜੁੜ ਗਈਆਂ, ਜਿਸ ਨਾਲ ਇਸ ਦਾ ਮਹੱਤਵ ਹੋਰ ਵੀ ਵਧ ਗਿਆ ਹੈ।
ਭਾਵੇਂ ਪੁਰਾਤਨ ਸਮੇਂ ਤੋਂ ਹੀ ਪੂਰੇ ਭਾਰਤ ਵਿੱਚ ਪੱਗ ਬੰਨ੍ਹਣ ਦਾ ਰਿਵਾਜ ਰਿਹਾ ਹੈ ਪਰ ਮੁਗ਼ਲਾਂ ਦੇ ਰਾਜ ਵਿੱਚ ਪੱਗ ਦੀ ਸ਼ੈਲੀ ਵਿੱਚ ਤਬਦੀਲੀ ਆਉਣ ਨਾਲ ਇਹ ਬਾਦਸ਼ਾਹੀਅਤ, ਧਾਰਮਿਕ, ਵਡੱਪਣ, ਉੱਚਤਾ ਤੇ ਸੁੱਚਤਾ ਦਾ ਪ੍ਰਤੀਕ ਬਣ ਗਈ।

Advertisement

ਇਹ ਵੀ ਪੜ੍ਹੋ- ਗੱਦਿਆ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਤਿੰਨ ਮਜ਼ਦੂਰਾਂ ਦੀ ਹੋਈ ਮੌਤ

ਹੌਲੀ-ਹੌਲੀ ਹੋਰ ਲੋਕ ਵੀ ਪੱਗਾਂ ਬੰਨ੍ਹਣ ਲੱਗ ਪਏ। ਔਰੰਗਜ਼ੇਬ ਨੇ ਕੱਟੜਤਾ ਕਾਰਨ ਆਮ ਲੋਕਾਂ ਦੇ ਪੱਗ ਬੰਨ੍ਹਣ ’ਤੇ ਪਾਬੰਦੀ ਲਾ ਦਿੱਤੀ ਸੀ। ਉਸ ਅਨੁਸਾਰ ਪੱਗ ਸਿਰਫ਼ ਹੁਕਮਰਾਨ ਲੋਕ ਹੀ ਬੰਨ੍ਹ ਸਕਦੇ ਸਨ। ਜਿਵੇਂ-ਜਿਵੇਂ ਮੁਗ਼ਲ ਦਰਬਾਰਾਂ ਵਿੱਚ ਹਿੰਦੂ ਦਰਬਾਰੀਆਂ ਦੀ ਗਿਣਤੀ ਅਤੇ ਪਹੁੰਚ ਵਧਣ ਲੱਗੀ, ਤਿਉਂ-ਤਿਉਂ ਉਨ੍ਹਾਂ ਨੇ ਵੀ ਪੱਗ ਬੰਨ੍ਹਣੀ ਸ਼ੁਰੂ ਕੀਤੀ। ਕਸ਼ਮੀਰ ਵਿੱਚ ਅਫ਼ਗਾਨ ਰਾਜੇ ਤੋਂ ਇੱਕ ਹਿੰਦੂ ਦਰਬਾਰੀ ਨੇ ਆਪਣੀ ਪਹੁੰਚ ਸਹਾਰੇ ਆਪਣੇ ਪੁੱਤ ਦੇ ਵਿਆਹ ਵਿੱਚ ਪੱਗ ਬੰਨ੍ਹਣ ਦੀ ਮਨਜ਼ੂਰੀ ਲੈ ਲਈ। ਅੱਜ ਵੀ ਕਈ ਹਿੰਦੂ ਪਰਿਵਾਰ ਵਿਆਹ ਵੇਲੇ ਲੰਮੇ ਲੜ ਵਾਲੀਆਂ ਫਿੱਕੇ (ਕੱਚੇ) ਗੁਲਾਬੀ ਰੰਗ ਦੀਆਂ ਪੱਗਾਂ ਬੰਨ੍ਹਦੇ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਲਈ ਦਸਤਾਰ ਨੂੰ ਲਾਜ਼ਮੀ ਵਸਤਰ ਵਜੋਂ ਧਾਰਨ ਕਰਨ ਲਈ ਕਿਹਾ ਹੈ। ਉਹ ਆਪਣੇ ਸਿੱਖਾਂ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਉਂਦੇ ਸਨ ਤੇ ਸੁੰਦਰ ਦਸਤਾਰ ਵਾਲੇ ਨੂੰ ਇਨਾਮ ਵੀ ਬਖਸ਼ਿਸ਼ ਕਰਦੇ ਸਨ। ਜਮਨਾ ਨਦੀ ਕਿਨਾਰੇ ਪਾਉਂਟਾ ਸਾਹਿਬ ਵਿਖੇ ਅੱਜ ਵੀ ਗੁਰਦੁਆਰਾ ਦਸਤਾਰ ਸਾਹਿਬ ਸੁਸ਼ੋਭਿਤ ਹੈ। ਪੱਗ ਦੀ ਆਨ-ਸ਼ਾਨ ਬਦਲੇ ਕਈ ਸਿੱਖਾਂ ਨੇ ਕੁਰਬਾਨੀ ਕੀਤੀ ਹੈ ਅਤੇ ਪੱਗ ਨੂੰ ਗੂੜ੍ਹਾ ਰੰਗ ਵੀ ਸਿੱਖਾਂ ਨੇ ਹੀ ਦਿੱਤਾ ਹੈ। ਇਸ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪੱਗ ਅਤੇ ਪੱਗ ਬੰਨ੍ਹਣ ਵਾਲੇ ਨੂੰ ਖ਼ਾਸ ਸਨਮਾਨ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਪੱਗ ਵਾਲੇ ਵਿਅਕਤੀ ਦਾ ਬਹੁਤ ਸਤਿਕਾਰ ਕਰਦੇ ਸਨ। ਸ਼ਾਇਦ ਇਸੇ ਲਈ ਉਨ੍ਹਾਂ ਦੀ ਫ਼ੌਜ ਵਿੱਚ ਫ਼ੌਜੀ ਅਧਿਕਾਰੀ ਜਾਂ ਸਿਪਾਹੀ ਭਾਵੇਂ ਉਹ ਕਿਸੇ ਵੀ ਧਰਮ/ਜਾਤ ਦਾ ਹੋਵੇ ਆਪਣੀ ਖ਼ੁਸ਼ੀ ਨਾਲ ਪੱਗ ਬੰਨ੍ਹਦੇ ਸਨ। ਮਹਾਰਾਜੇ ਦੇ ਪ੍ਰਮੁੱਖ ਜਰਨੈਲ ਸ. ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਬਹੁਤ ਹੀ ਰੋਹਬਦਾਰ ਪੱਗਾਂ ਬੰਨ੍ਹਦੇ ਸਨ। ਇਸ ਸਮੇਂ ਪੱਗ ਦੀ ਹਰਮਨ-ਪਿਆਰਤਾ ਹੋਰ ਵੀ ਵਧ ਗਈ।

ਇਹ ਵੀ ਪੜ੍ਹੋ- SL vs NZ ਵਿਚਕਾਰ 6 ਦਿਨਾਂ ਦਾ ਟੈਸਟ ਮੈਚ ਹੋਵੇਗਾ, ਜਾਣੋ ਕਿੱਥੇ ਅਤੇ ਕਿਵੇਂ ਤੁਸੀਂ ਭਾਰਤ ਵਿੱਚ ਲਾਈਵ ਮੈਚ ਦੇਖ ਸਕੋਗੇ।

Advertisement

ਅੰਗਰੇਜ਼ਾਂ ਸਮੇਂ ਭਾਵੇਂ ਵਿਦੇਸ਼ੀ ਫ਼ੌਜੀ ਸਿਰ ’ਤੇ ਟੋਪੀ ਪਹਿਨਦੇ ਸਨ ਪਰ ਸਿੱਖ ਅਜਿਹਾ ਨਹੀਂ ਕਰਦੇ ਸਨ। ਇਸ ਲਈ ਅੰਗਰੇਜ਼ਾਂ ਨੇ ਫ਼ੌਜ ਵਿੱਚ ਇਕਸਾਰਤਾ ਲਿਆਉਣ ਲਈ ਫ਼ੌਜੀ ਵਰਦੀ ਵਿੱਚ ਪੱਗ ਨੂੰ ਸ਼ਾਮਲ ਕੀਤਾ ਅਤੇ ਹਰੇਕ ਸਿੱਖ ਫ਼ੌਜੀ ਨੂੰ ਪੰਜ ਗਜ਼ ਲੰਮੀ ਤੇ ਇੱਕ ਗਜ਼ ਬਰ (ਚੌੜੀ) ਮੋਟੇ ਕੱਪੜੇ ਦੀ ਪੱਗ ਬੰਨ੍ਹਣੀ ਜ਼ਰੂਰੀ ਕੀਤੀ। ਸਿਰ ਦੇ ਵਾਲਾਂ (ਕੇਸਾਂ) ਅਤੇ ਜੂੜੇ ਨੂੰ ਸਥਿਰ ਰੱਖਣ ਲਈ ਇੱਕ ਹੋਰ ਕੱਪੜਾ ਢਾਈ ਗਜ਼ ਜੋ ਕਿ ਨਿਰਧਾਰਤ ਕੀਤੀ ਪੱਗ (ਪੰਜ ਗਜ਼) ਦਾ ਅੱਧਾ ਭਾਵ ਪੰਜਾਹ ਫ਼ੀਸਦੀ ਸੀ, ਪੱਗ ਹੇਠਾਂ ਬੰਨ੍ਹਣਾ ਜ਼ਰੂਰੀ ਕੀਤਾ ਜੋ ਅੱਜ-ਕੱਲ੍ਹ ਫਿਫਟੀ ਦੇ ਰੂਪ ਵਿੱਚ ਪ੍ਰਚਲਤ ਹੈ। ਇਸ ਤਰ੍ਹਾਂ ਫ਼ੌਜ ਵਿੱਚ ਇਕਸਾਰਤਾ ਕਾਇਮ ਰਹਿੰਦੀ ਸੀ।

ਪੱਗ ਬੰਨ੍ਹਣ ਦੀ ਇੱਕ ਵਿਲੱਖਣ ਸ਼ੈਲੀ ਵਿਕਸਤ ਕੀਤੀ ਗਈ ਜਿਸ ਤਹਿਤ ਪੰਜ ਗਜ਼ ਲੰਮੀ ਇੱਕ ਗਜ਼ ਪਨ੍ਹੇ (ਚੌੜੀ) ਦੀ ਪੱਗ ਨੂੰ ਚਾਰ ਤਹਿਆਂ ਲਾ ਕੇ ਵਲ ਕੱਢ ਕੇ ਬੰਨ੍ਹਿਆ ਜਾਂਦਾ ਸੀ ਜਿਸ ਦੇ ਪੰਜ ਪੇਚ ਜਾਂ ਪੱਲੇ ਸਪਸ਼ਟ ਦਿਖਾਈ ਦਿੰਦੇ ਸਨ। ਇਸ ਨੂੰ ਧੌਣ (ਗਿੱਚੀ) ਅਤੇ ਮੱਥੇ ਤੋਂ ਤਿੱਖੀ ਨੋਕਦਾਰ ਬੰਨ੍ਹਿਆ ਜਾਂਦਾ ਸੀ। ਮੱਥੇ ਉੱਪਰ ਬਣੀ ਨੋਕ ਹੇਠੋਂ ਪਹਿਲਾਂ ਬੰਨ੍ਹਿਆ ਕੱਪੜਾ ਦਿਸਦਾ ਸੀ ਜਿਸ ਨੂੰ ਫਿਫਟੀ ਕਿਹਾ ਜਾਂਦਾ ਹੈ। ਉਸ ਸਮੇਂ ਤੋਂ ਫ਼ੌਜ ਵਿੱਚ ਪ੍ਰਚਲਤ ਦਸਤਾਰ ਸ਼ੈਲੀ ਅੱਜ ਵੀ ਬਰਕਰਾਰ ਹੈ ਅਤੇ ਅਜੋਕੀ ਸ਼ੈਲੀ ਦਾ ਮੁੱਢ ਬੰਨ੍ਹਦੀ ਪ੍ਰਤੀਤ ਹੁੰਦੀ ਹੈ। ਇਸ ਤੋਂ ਪਹਿਲਾਂ ਪੱਗ ਆਮ ਤੌਰ ’ਤੇ ਉਘੜ-ਦੁਘੜੀ ਜਾਂ ਵੱਟ ਚਾੜ੍ਹ ਕੇ ਬਿਨਾਂ ਲੜ ਸਾਫ਼ ਕੀਤਿਆਂ ਬੰਨ੍ਹੀ ਜਾਂਦੀ ਰਹੀ ਹੈ।

ਇਹ ਵੀ ਪੜ੍ਹੋ- ਕੌਣ ਹੈ ਆਤਿਸ਼ੀ, ਜੋ ਅਰਵਿੰਦ ਕੇਜਰੀਵਾਲ ਦੀ ਥਾਂ ਬਣੇਗੀ ਦਿੱਲੀ ਦੀ ਨਵੀ ਸੀਐਮ? ਜਾਣੋ AAP ਨੇਤਾ ਬਾਰੇ 5 ਗੱਲਾਂ

ਪੱਗ ਨੂੰ ਹੋਰ ਫਲਾਵਟ ਵਾਲੀ ਤੇ ਵੱਡੀ ਕਰਨ ਲਈ ਇਸ ਨੂੰ ਲੰਬਾਈ ਰੁਖ਼ ਸਿਉਣ ਮਾਰੀ ਜਾਂਦੀ ਜਿਸ ਨਾਲ ਪੱਗ ਦੀ ਚੌੜਾਈ ਤਾਂ ਦੁੱਗਣੀ ਹੋ ਜਾਂਦੀ ਪਰ ਲੰਬਾਈ ਓਹੀ ਰਹਿੰਦੀ ਹੈ। ਦੋਹਾਂ ਵਿਰੋਧੀ ਲੜਾਂ ਤੋਂ ਫੜ ਕੇ ਖਿੱਚਣ ਅਤੇ ਇਸ ਦੇ ਵਲ ਕੱਢ ਕੇ ਸਾਫ਼ ਕਰਨ ਨੂੰ ਪੂਣੀ ਕਰਨਾ ਕਿਹਾ ਗਿਆ ਕਿਉਂਕਿ ਵਿਚਕਾਰ ਜ਼ਿਆਦਾ ਕੱਪੜਾ ਹੋਣ ਕਰਕੇ ਇਹ ਜ਼ਿਆਦਾ ਭਾਰਾ ਹੋ ਜਾਂਦਾ ਹੈ ਤੇ ਪਾਸਿਆਂ ਤੋਂ ਹੌਲਾ ਹੋ ਜਾਂਦਾ ਹੈ। ਇਸ ਤਰ੍ਹਾਂ ਜ਼ਿਆਦਾ ਵੱਡੇ ਕੱਪੜੇ ਦੀ ਪੱਗ ਨੂੰ ਸਿਰ ’ਤੇ ਬੰਨ੍ਹਣਾ ਤੇ ਸੋਧਣਾ ਹੋਰ ਵੀ ਸੌਖਾ ਹੋ ਗਿਆ।

Advertisement

ਮਹਾਰਾਜਾ ਭੁਪਿੰਦਰ ਸਿੰਘ ਨੇ ਪੱਗ ਦੀ ਸਾਹਮਣੀ ਨੁੱਕਰ ਨੂੰ ਅੰਗੂਠੇ ਦੇ ਦਬਾਓ ਨਾਲ ਅੰਦਰ ਵੱਲ ਨੂੰ ਕਰਨਾ ਸ਼ੁਰੂ ਕੀਤਾ ਜਿਸ ਨਾਲ ਸਾਹਮਣੇ ਇੱਕ ਖੋੜ ਜਿਹੀ ਬਣਨ ਕਰਕੇ ਪੱਗ ਅੱਗੇ ਵੱਲ ਨੂੰ ਹੋਰ ਤਿੱਖੀ ਹੋ ਗਈ ਅਤੇ ਇੱਥੋਂ ਇੱਕ ਦੂਜੇ ’ਤੇ ਚਿਣੇ ਹੋਏ ਲੜ ਸਪਸ਼ਟ ਦਿਖਾਈ ਦੇਣ ਲੱਗੇ। ਇਸ ਦਾ ਨਾਂ ਪਟਿਆਲਾ ਸ਼ਾਹੀ ਪੈ ਗਿਆ ਅਤੇ ਬਹੁਤ ਜਲਦੀ ਇਹ ਢੰਗ ਸਾਰੇ ਪੰਜਾਬ ਵਿੱਚ ਫੈਲ ਗਿਆ। ਅੱਜ-ਕੱਲ੍ਹ ਵੀ ਬਹੁਤੇ ਨੌਜਵਾਨ ਇਸੇ ਸ਼ੈਲੀ ਦਾ ਸੁਧਰਿਆ ਹੋਇਆ ਰੂਪ ਹੀ ਬੰਨ੍ਹਦੇ ਹਨ। ਪਿਛਲੇ ਸਮੇਂ ਵਿੱਚ ਪੱਗ ਪੰਜਾਬ ਦੇ ਸਮਾਜਿਕ, ਇਤਿਹਾਸਕ, ਸੱਭਿਆਚਾਰਕ, ਧਾਰਮਿਕ ਅਤੇ ਆਰਥਿਕ ਸਰੋਕਾਰਾਂ ਨਾਲ ਘੁਲ-ਮਿਲ ਗਈ ਹੈ। ਸਮੇਂ ਦੇ ਨਾਲ ਇਸ ਦੇ ਵੱਖ-ਵੱਖ ਰੂਪ ਵਿਕਸਤ ਹੁੰਦੇ ਰਹੇ ਹਨ। ਖਿੱਤੇ ਦੇ ਆਧਾਰ ’ਤੇ ਪੱਗ ਦੇ ਕਈ ਰੂਪ ਮਿਲਦੇ ਹਨ।

ਇਹ ਵੀ ਪੜ੍ਹੋ- Reliance Jio ਦਾ ਸਰਵਰ ਡਾਊਨ, ਲੋਕਾਂ ਨੇ ਕੰਪਨੀ ਨੂੰ ਕੀਤਾ ਟ੍ਰੋਲ, ਜਾਣੋ ਕਿਸਨੇ ਕੀ ਕਿਹਾ…

ਮਾਝੀ ਪੱਗ: ਪੱਗ ਬੰਨ੍ਹਣ ਵੇਲੇ ਮੱਥੇ ਅਤੇ ਗਿੱਚੀ ’ਤੇ ਨੁੱਰਾਂ ਤਾਂ ਬਣਾਈਆਂ ਜਾਂਦੀਆਂ ਸਨ ਪਰ ਇਹ ਬਹੁਤੀਆਂ ਤਿੱਖੀਆਂ ਨਹੀਂ ਸਨ ਹੁੰਦੀਆਂ। ਗਿੱਚੀ ਵੱਲੋਂ ਪੱਗ ਨੂੰ ਉੱਪਰ ਵੱਲ ਕੀਤਾ ਜਾਂਦਾ ਰਿਹਾ ਹੈ। ਫਿੱਕੇ ਰੰਗ ਹੀ ਬੰਨੇ ਜਾਂਦੇ ਸਨ। ਲੜ ਨਹੀਂ ਸੀ ਛੱਡਿਆ ਜਾਂਦਾ ਤੇ ਪੱਗ ਦੀ ਸਫ਼ਾਈ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਸੀ।

ਦੁਆਬੀ ਪੱਗ: ਸਾਹਮਣੇ ਨੁੱਕਰ ਬਣਾਈ ਜਾਂਦੀ ਸੀ। ਦੋਵਾਂ ਪਾਸਿਆਂ ਤੋਂ ਲਗਪਗ ਬਰਾਬਰ ਜਿਹੀ ਦਿਸਦੀ ਸੀ। ਪੱਗ ਨੂੰ ਸਫ਼ਾਈ ਨਾਲ ਵਲ ਕੱਢ ਕੇ ਬੰਨ੍ਹਿਆ ਜਾਂਦਾ ਸੀ।

Advertisement

ਮਲਵਈ ਪੱਗ: ਮਾਲਵੇ ਖੇਤਰ ਵਿੱਚ ਪੱਗ ਦੇ ਕਈ ਪੁਰਾਤਨ ਰੂਪ ਮਿਲਦੇ ਹਨ। ਇੱਥੇ ਵੀ ਪੱਗ ਦੇ ਪੇਚਾਂ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਪੱਗ ਦੇ ਹੇਠੋਂ ਕੰਨ ਵੀ ਥੋੜ੍ਹੇ ਨੰਗੇ ਰੱਖਣ ਦਾ ਰਿਵਾਜ ਰਿਹਾ ਹੈ ਕਿਉਂਕਿ ਕੰਨਾਂ ਵਿੱਚ ਨੱਤੀਆਂ ਵੀ ਪਾਈਆਂ ਜਾਂਦੀਆਂ ਰਹੀਆਂ ਹਨ। ਇਸ ਤੋਂ ਇਲਾਵਾ ਪੱਗ ਦੇ ਪਿਛਲੇ ਪਾਸੇ ਇੱਕ ਲੜ ਵੀ ਹੇਠਾਂ ਵੱਲ ਨੂੰ ਲਮਕਾਇਆ ਜਾਂਦਾ ਸੀ ਜੋ ਕਿ ਧੌਣ ਤੋਂ ਹੁੰਦਾ ਹੋਇਆ ਮੋਢੇ ਦੇ ਮੂਹਰੇ ਆ ਕੇ ਖ਼ਤਮ ਹੁੰਦਾ ਸੀ।

‘ਹਿੰਦੂ ਹਟਵਾਣੀਏ’ (ਬਾਣੀਏ) ਲੋਕ ਵੀ ਪੱਗ ਬੰਨ੍ਹਦੇ ਰਹੇ ਹਨ ਅਤੇ ਉਨ੍ਹਾਂ ਦੀ ਪੱਗ ਦੇ ਪਿਛਲੇ ਪਾਸੇ ਲੰਮਾ ਲੜ ਜੋ ਕਿ ਮੌਰਾਂ ਤਕ ਲਮਕਦਾ ਸੀ, ਰੱਖਦੇ ਸਨ। ਇਸ ਤੋਂ ਇਲਾਵਾ ਆਮ ਤੌਰ ’ਤੇ ਡੱਬੀਦਾਰ ਜਾਂ ਰੇਸ਼ੇਦਾਰ ਸਾਫ਼ੇ (ਪਰਨੇ) ਬੰਨ੍ਹਣ ਦਾ ਰਿਵਾਜ ਵੀ ਰਿਹਾ ਹੈ।

ਪਟਿਆਲਾ ਸ਼ਾਹੀ: ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਪਟਿਆਲੇ ਦੇ ਰਾਜੇ ਭੁਪਿੰਦਰ ਸਿੰਘ ਨੂੰ ਸਜਣ-ਫਬਣ ਦਾ ਬਹੁਤ ਸ਼ੌਕ ਸੀ। ਇਸ ਲਈ ਉਸ ਨੇ ਪੱਗ ਨੂੰ ਅੱਗੇ ਵੱਲ ਵਧਾ ਕੇ ਤਿੱਖੀ ਨੋਕਦਾਰ ਬਣਾਉਣੀ ਸ਼ੁਰੂ ਕੀਤੀ ਜਿੱਥੋਂ ਸਾਰੇ ਲੜ ਪੇਚ ਸਪਸ਼ਟ ਦਿਖਾਈ ਦਿੰਦੇ ਸਨ। ਇਹੋ ਸ਼ੈਲੀ ਅੱਜ-ਕੱਲ੍ਹ ਵੀ ਮਸ਼ਹੂਰ ਹੈ।

ਇਹ ਵੀ ਪੜ੍ਹੋ- ਗੱਦਿਆ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਤਿੰਨ ਮਜ਼ਦੂਰਾਂ ਦੀ ਹੋਈ ਮੌਤ

Advertisement

ਮੜਾਸਾ: ਆਮ ਤੌਰ ’ਤੇ ਭਾਰਾ ਕੰਮ ਕਰਨ ਵੇਲੇ ਸਿਰ ਨੂੰ ਗਰਮੀ ਜਾਂ ਸਰਦੀ ਤੋਂ ਬਚਾਉਣ ਵੇਲੇ ਸਿਰ ਨੂੰ ਕਿਸੇ ਭਾਰੇ ਕੱਪੜੇ ਨਾਲ ਚੰਗੀ ਤਰ੍ਹਾਂ ਢਕ ਲਿਆ ਜਾਂਦਾ ਹੈ। ਇਸ ਨੂੰ ਮੜਾਸਾ ਕਹਿੰਦੇ ਹਨ। ਇਹ ਉਘੜ-ਦੁਘੜ ਹੀ ਹੁੰਦਾ ਹੈ।

ਪੋਚਵੀਂ: ਇੱਕ ਸਮੇਂ ਪੱਗ ਨੂੰ ਬੰਨ੍ਹਣ ਵੇਲੇ ਉਸ ਦੇ ਆਖਰੀ ਲੜ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਚੌੜਾਈ ਰੁਖ਼ ਕਰ ਲਿਆ ਜਾਂਦਾ ਸੀ ਅਤੇ ਇਸ ਨਾਲ ਸਾਰੀ ਪੱਗ ਦੇ ਵਲ ਵਿੰਗ ਨੂੰ ਢਕ ਦਿੱਤਾ ਜਾਂਦਾ ਅਤੇ ਇਸ ਆਖਰੀ ਲੜ ਨੂੰ ਸਾਹਮਣੇ ਟੰਗ ਦਿੱਤਾ ਜਾਂਦਾ। ਫਿਰ ਹੱਥ ਫੇਰ ਕੇ ਵਲ ਸਾਫ਼ ਕੀਤੇ ਜਾਂਦੇ। ਕਈ ਵਾਰ ਪਾਣੀ ਨਾਲ ਹੱਥ ਨੂੰ ਗਿੱਲਾ ਕਰਕੇ ਆਖਰੀ ਲੜ ਪੋਚ ਦਿੱਤਾ ਜਾਂਦਾ, ਇਸ ਨੂੰ ਪੋਚਵੀਂ ਪੱਗ ਕਹਿੰਦੇ ਸਨ। ਇਸ ਤੋਂ ਬਿਨਾਂ ਕਿੱਤੇ ਦੇ ਆਧਾਰ ’ਤੇ ਵੀ ਪੱਗ ਦੇ ਕਈ ਰੂਪ ਮਿਲਦੇ ਹਨ। ਜਿਵੇਂ ਵਕੀਲ, ਪੁਲੀਸ, ਫ਼ੌਜ, ਗਾਇਕ, ਭੰਗੜੇ ਵਾਲੇ, ਨੌਕਰੀ-ਪੇਸ਼ਾ, ਕਿਸਾਨ, ਗ਼ਰੀਬ, ਨਾਥ ਜੋਗੀ, ਡਰਾਈਵਰ, ਵਪਾਰ ਕਰਨ ਵਾਲੇ ਰਾਜਨੀਤਕ ਲੋਕ (ਰੰਗ ਦੇ ਆਧਾਰ ’ਤੇ) ਆਦਿ।

ਗਾਇਕ ਦੀ ਪੱਗ ਦਾ ਵਿਸਥਾਰ ਮਰਹੂਮ ਸ੍ਰੀ ਲਾਲ ਚੰਦ ਯਮਲਾ ਜੱਟ ਵੇਲੇ ਹੋਇਆ ਹੈ ਜਿਸ ਵਿੱਚ ਇੱਕ ਪੱਗ ਦੇ ਦੋਵਾਂ ਲੜਾਂ ’ਤੇ ਮਾਵਾ ਲਾਇਆ ਜਾਂਦਾ ਸੀ ਜਿਸ ਨਾਲ ਇੱਕ ਲੜ ਉੱਪਰ ਨੂੰ ਫੈਲਾ ਕੇ ਖੜ੍ਹਾ ਕੀਤਾ ਜਾਂਦਾ ਅਤੇ ਦੂਜਾ ਲੜ ਹੇਠਾਂ ਲਮਕਾ ਲਿਆ ਜਾਂਦਾ ਜੋ ਕਿ ਫੁੱਲਿਆ ਹੋਇਆ ਹੁੰਦਾ। ਅੱਜ-ਕੱਲ੍ਹ ਬਹੁਤੇ ਕਲਾਕਾਰਾਂ ਨੇ ਆਪਣਾ ਇਹ ਰਵਾਇਤੀ ਬਾਣਾ ਛੱਡ ਦਿੱਤਾ ਹੈ। ਕਈ ਕਲਾਕਾਰ ਹੇਠਾਂ ਲਮਕਦੇ ਲੜ ਦੀ ਇੱਕ ਕਿਨਾਰੀ ਨੂੰ ਦੁਬਾਰਾ ਫਿਰ ਸਿਰ ’ਤੇ ਟੰਗ ਲੈਂਦੇ ਹਨ। ਇਸ ਤਰ੍ਹਾਂ ਲੜ ਹੋਰ ਵੀ ਫੈਲ ਜਾਂਦਾ ਹੈ। ਅਜਿਹੀ ਸ਼ੈਲੀ ਦੀ ਪੱਗ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਵਿੱਚ ਵੀ ਮਿਲਦੀ ਹੈ।

ਸ਼ਮਲੇ ਵਾਲੀ ਪੱਗ: ਸ਼ਮਲਾ ਜਾਂ ਸ਼ਮਲੇ ਵਾਲੀ ਪੱਗ ਵਿੱਚ ਬਗ਼ਾਵਤ ਦਾ ਅੰਸ਼ ਰਲਿਆ ਮਿਲਦਾ ਹੈ। ਅੰਗਰੇਜ਼ੀ ਰਾਜ ਸਮੇਂ ਅੰਗਰੇਜ਼ ਅਫ਼ਸਰ ਖਾਸ ਕਰ ਥਾਣੇਦਾਰ ਘੋੜੀ ’ਤੇ ਬੈਠ ਕੇ ਆਉਂਦੇ। ਉਨ੍ਹਾਂ ਦੇ ਉੱਚੇ ਸ਼ਮਲੇ ਵਾਲੀ ਪੱਗ ਬੰਨ੍ਹੀ ਹੁੰਦੀ ਭਾਵ ਉਹ ਆਮ ਲੋਕਾਂ ਤੋਂ ਵੱਖਰੇ ਉੱਚੇ ਸਮਝੇ ਜਾਂਦੇ ਸਨ। ਮਾਵੇ ਵਾਲੀ ਪੱਗ ਦਾ ਇੱਕ ਲੜ ਉੱਪਰ ਵੱਲ ਨੂੰ ਫੈਲਾ ਕੇ ਖੜ੍ਹਾ ਕੀਤਾ ਜਾਂਦਾ ਤੇ ਇੱਕ ਹੇਠਾਂ ਵਲ ਕਾਫ਼ੀ ਲੰਬਾਈ ਤਕ ਲਮਕਦਾ ਛੱਡਿਆ ਜਾਂਦਾ। ਅੰਗਰੇਜ਼ਾਂ ਦੇ ਵਿਰੋਧੀ ਲੋਕ ਆਪਣੇ-ਆਪ ਅਜਿਹੀ ਸ਼ਮਲੇ ਵਾਲੀ ਪੱਗ ਬੰਨ੍ਹਦੇ ਸਨ। ਹੇਠਾਂ ਛੱਡੇ ਸ਼ਮਲੇ ਦੇ ਲੜ ਨਾਲ ਲੋੜ ਸਮੇਂ ਆਪਣੇ ਮੂੰਹ ਢੱਕ ਲੈਂਦੇ ਅਤੇ ਠੋਡੀ ਉੱਪਰੋਂ ਦੀ ਦੂਜੇ ਪਾਸੇ ਟੁੰਗ ਲੈਂਦੇ। ਜਿਉਣੇ ਮੌੜ ਦੀ ਗਾਥਾ ਵਿੱਚ ਅਜਿਹੀ ਸ਼ਮਲੇ ਵਾਲੀ ਪੱਗ ਦਾ ਵਰਣਨ ਮਿਲਦਾ ਹੈ। ਇਹ ਅਕਸਰ ਕਾਲੇ ਰੰਗ ਦੀ ਹੁੰਦੀ ਸੀ ਜੋ ਕਿ ਬਗ਼ਾਵਤ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ।

Advertisement

ਇਸ ਤੋਂ ਇਲਾਵਾ ਪੁਲੀਸ ਵਾਲੇ ਨੀਲੀ ਅਤੇ ਲਾਲ ਰੰਗ ਦੀ ਪੱਗ ਅਤੇ ਪੱਗ ਦੇ ਪੇਚਾਂ ’ਤੇ ਪੱਲੂ ਜਾਂ ਲਾਲ ਰੰਗ ਦੀ ਝਾਲਰ ਲਮਕਾਉਂਦੇ ਹਨ। ਕਈ ਵਾਰ ਪੱਗ ਦਾ ਰੰਗ ਖਾਕੀ ਹੈ ਤੇ ਝਾਲਰ ਵੀ ਇਸੇ ਰੰਗ ਦੀ ਹੈ। ਹੇਠਾਂ ਰੇਸ਼ਮੀ ਧਾਗੇ ਹੋਰ ਸੁੰਦਰਤਾ ਵਧਾਉਂਦੇ ਹਨ। ਹੋਰ ਧਰਮ ਦੇ ਮੁਲਾਜ਼ਮਾਂ ਲਈ ਕੁੱਲੇ ਵਾਲੀ ਪੱਗ ਵੀ ਸਿਰ ’ਤੇ ਰੱਖਣੀ ਲਾਜ਼ਮੀ ਰਹੀ ਹੈ।

ਪੱਗ ਕਈ ਰਸਮਾਂ ਵਿੱਚ ਵੀ ਬੰਨ੍ਹੀ ਜਾਂਦੀ ਰਹੀ ਹੈ। ਹਰ ਧਾਰਮਿਕ ਰਸਮ ਲਈ ਸਿਰ ਨੂੰ ਢਕਣਾ ਜ਼ਰੂਰੀ ਰਿਹਾ ਹੈ। ਇਸ ਤੋਂ ਬਿਨਾਂ ਬੱਚੇ ਦੇ ਪੱਗ ਬੰਨ੍ਹਾਉਣੀ, ਘਰ ਵਿੱਚ ਕਿਸੇ ਬਜ਼ੁਰਗ ਵਿਅਕਤੀ ਦੀ ਮੌਤ ਤੋਂ ਬਾਅਦ ਦੂਜੇ ਵਿਅਕਤੀ ਨੂੰ ਘਰ ਦੀ ਜ਼ਿੰਮੇਵਾਰੀ ਸੌਂਪਣ ਲਈ ਪੱਗ ਬੰਨ੍ਹਾਉਣੀ ਆਦਿ। ਪੱਗ ਨਾਲ ਕਈ ਮੁਹਾਵਰੇ ਵੀ ਮਿਲਦੇ ਹਨ, ਜਿਵੇਂ ਪੱਗ ਨੂੰ ਹੱਥ ਪਾਉਣਾ, ਪੱਗ ਉੱਚੀ ਕਰਨੀ ਆਦਿ।

ਪੱਗ ਨੂੰ ਸਿਰ ਤੋਂ ਉਤਾਰਨ ਸਮੇਂ ਵੀ ਪੱਗ ਦੇ ਸਤਿਕਾਰ ਦਾ ਖਿਆਲ ਰੱਖਿਆ ਜਾਂਦਾ ਸੀ। ਪੱਗ ਨੂੰ ਹੌਲੀ-ਹੌਲੀ ਲੜ ਖੋਲ੍ਹ ਕੇ ਲਾਹਿਆ ਜਾਂਦਾ ਸੀ। ਘਰ ਵਿੱਚ ਔਰਤਾਂ ਪੱਗ ਨੂੰ ਧੋਣ-ਸੁਕਾਉਣ ਸਮੇਂ ਵੀ ਇਸ ਗੱਲ ਦਾ ਖਿਆਲ ਰੱਖਦੀਆਂ ਹਨ ਕਿ ਪੱਗ ਮਿੱਟੀ ’ਤੇ ਨਾ ਲੱਗ ਜਾਵੇ। ਇਸ ਤੋਂ ਇਲਾਵਾ ਪੱਗ ਦਾ ਸੜ ਜਾਣਾ ਜਾਂ ਪਾਟ ਜਾਣਾ ਬਦਸ਼ਗਨੀ ਮੰਨਿਆ ਜਾਂਦਾ ਰਿਹਾ ਹੈ। ਇਸ ਲਈ ਕੰਡੇਦਾਰ ਦਰੱਖਤ ਭਾਵ ਬੇਰੀ ਆਦਿ ਰਸਤੇ ਜਾਂ ਘਰ ਵਿੱਚ ਘੱਟ ਲਾਈ ਜਾਂਦੀ ਸੀ।

ਇਸ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਵਿੱਚ ਪੱਗ ਦਾ ਜ਼ਿਕਰ ਵੀ ਮਿਲਦਾ ਹੈ। ਵਿਆਹ ਸਮੇਂ ਲਾੜੇ ਨੂੰ ਤਿਆਰ ਕਰਨ ਸਮੇਂ ਭੈਣਾਂ ਪੱਗ ਉੱਪਰ ਮੋਤੀਆਂ ਵਾਲੀ ਕਲਗੀ ਲਾ ਕੇ ਸਿਹਰੇ ਸਜਾਉਂਦੀਆਂ ਜਿਸ ਨਾਲ ਪੱਗ ਹੋਰ ਵੀ ਸੁੰਦਰ ਬਣ ਜਾਂਦੀ ਅਤੇ ਚਾਵਾਂ ਨਾਲ ਬਰਾਤ ਤੋਰਦੀਆਂ। ਮਿੱਠੀ ਆਵਾਜ਼ ਤੇ ਖਾਸ ਅੰਦਾਜ਼ ਵਿੱਚ ਘੋੜੀ ਗਾਈ ਜਾਂਦੀ-

Advertisement

‘ਚੀਰਾ ਤੇਰਾ ਵੇ ਮੱਲਾ ਸੋਹਣਾ,
ਸੋਂਹਦਾ ਕਲਗੀਆਂ ਨਾਲ,
ਕਲਗੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਜਾਂ

ਦੋ ਵੀਰ ਘੋੜੀਆਂ ਚੜ੍ਹੇ,
ਪੱਗਾਂ ਖੱਟੀਆਂ ਤੇ ਵੇਖਣ ਜੱਟੀਆਂ,

ਡੋਲੀ ਤੋਰਨ ਵੇਲੇ ਦਾ ਵੀ ਗੀਤ ਮਿਲਦਾ-

ਪੱਗ ਬੰਨ੍ਹ ਕੇ ਸਰੋ੍ਹਂ ਦੇ ਫੁੱਲ ਵਰਗੀ,
ਵਿਆਹ ਕੇ ਲੈ ਗਿਆ ਤੂਤ ਦੀ ਛਟੀ।

Advertisement

ਪੱਗ ਬੰਨ੍ਹਣ ਨਾਲ ਚਿਹਰੇ ਦਾ ਸੁਹੱਪਣ ਹੋਰ ਵੀ ਨਿੱਖਰ ਜਾਂਦਾ ਹੈ। ਸ਼ਾਇਦ ਇਸੇ ਲਈ ਕਿਸੇ ਗੱਭਰੂ ਨੂੰ ਕਿਹਾ-

ਹਨੇਰੀਆਂ-ਹਨੇਰੀਆਂ ਹਨੇਰੀਆਂ,
ਉਨਾਬੀ ਪੱਗ ਨਾ ਬੰਨ੍ਹ ਵੇ.
ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ (ਲੋਕ ਬੋਲੀ)

ਲੱਗੀ ਨਜ਼ਰ ਉਤਾਰਨ ਲਈ ਮਿਰਚਾਂ ਵਾਰ ਕੇ ਸੁੱਟਣਾ ਵੀ ਇੱਕ ਪਰੰਪਰਾ ਰਹੀ ਹੈ।

ਹਨੇਰੀਆਂ, ਹਨੇਰੀਆਂ, ਹਨੇਰੀਆਂ
ਉਨਾਬੀ ਪੱਗ ਬੰਨ੍ਹ ਲੈਣ ਦੇ
ਨੀਂ ਸਾਡੇ ਖੇਤਾਂ ਵਿੱਚ ਮਿਰਚਾਂ ਬਥੇਰੀਆਂ। (ਲੋਕ ਬੋਲੀ)

Advertisement

ਪੱਗ ਦੇ ਰੰਗ, ਉਮਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਾਲੇ ਹੁੰਦੇ ਹਨ। ਭਾਵ ਵੱਡੀ ਉਮਰ ਦੇ ਲੋਕ ਸ਼ੋਖ ਰੰਗ ਘੱਟ ਹੀ ਬੰਨ੍ਹਦੇ ਹਨ: ਜੇ ਕੋਈ ਜ਼ਿੰਮੇਵਾਰੀ ਨਾ ਸਮਝੇ ਤਾਂ ਇਹ ਬੋਲੀ ਦੱਸਦੀ ਹੈ:

ਧੀ ਜੰਮ ਪਈ, ਜਵਾਈ ਵਾਲਾ ਹੋ ਗਿਆ,
ਟਸਰੀ ਨਾ ਬੰਨ੍ਹ ਚੋਬਰਾ।

ਜਾਂ
ਹਰਾ ਮੂੰਗੀਆ ਬੰਨ੍ਹਦਾ ਏ ਸਾਫਾ,
ਬਣਿਆ ਫਿਰਦਾ ਏ ਜਾਨੀ,
ਭਾੜੇ ਦੀ ਹੱਟ ਵਿੱਚ ਰਹਿ ਕੇ ਬੰਦਿਆ,
ਤੈਂ ਮੌਜ ਬਥੇਰੀ ਮਾਣੀ,
ਵਿੱਚ ਕਾਲਿਆਂ ਦੇ ਆ ਗਏ ਬੱਗੇ,
ਹੁਣ ਆ ਗਈ ਮੌਤ ਨਿਸ਼ਾਨੀ,
ਬਦੀਆਂ ਨਾ ਕਰ ਵੇ ਕੈ ਦਿਨ ਦੀ ਜ਼ਿੰਦਗਾਨੀ।’

ਬਹੁਤ ਲੰਮੇ ਪੜਾਵਾਂ ਵਿੱਚ ਦੀ ਲੰਘ ਕੇ ਪੱਗ ਨੂੰ ਇਹ ਸਨਮਾਨਿਤ ਰੁਤਬਾ ਪ੍ਰਾਪਤ ਹੋਇਆ ਹੈ, ਜਿਸ ਨੇ ਸਾਡੀ ਸ਼ਾਨ ਨੂੰ ਉੱਚਾ ਕੀਤਾ ਹੈ, ਸਰਦਾਰੀ ਬਖਸ਼ਿਸ਼ ਕੀਤੀ ਹੈ। ਲੋੜ ਹੈ ਅੱਜ ਇਸ ਦੀ ਮਹੱਤਤਾ ਨੂੰ ਸਮਝਣ ਅਤੇ ਇਸ ਨੂੰ ਅਪਨਾਉਣ ਦੀ। ਧੰਨਵਾਦੀ ਹੋਣਾ ਚਾਹੀਦਾ ਹੈ, ਉਨ੍ਹਾਂ ਸ਼ਖ਼ਸੀਅਤਾਂ ਅਤੇ ਸਾਧਨਾਂ ਦਾ ਜਿਨ੍ਹਾਂ ਨੇ ਪੱਗ ਦੇ ਮਾਣਮੱਤੇ ਇਤਿਹਾਸ ਨੂੰ ਸਾਂਭਣ ਅਤੇ ਪੀੜ੍ਹੀ-ਦਰ-ਪੀੜ੍ਹੀ ਅੱਗੇ ਪਹੁੰਚਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।

Advertisement

ਸਾਡੀ ਪੱਗ ਨਾਲ ਵੱਖਰੀ ਪਛਾਣ ਜੱਗ ’ਤੇ,
ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ’ਤੇ।
ਜਾਣ ਸਰਦਾਰੀਆਂ ਨਾ ਰੁਲ ਓਏ ਪੰਜਾਬੀਓ,
ਪੱਗ ਬੰਨ੍ਹਣੀ ਨਾ ਜਾਇਓ, ਭੁੱਲ ਓਏ ਪੰਜਾਬੀਓ।


– ਗੁਰਜੀਤ ਸਿੰਘ ਟਹਿਣਾ
* ਸੰਪਰਕ:94782-77772

Related posts

ਪੰਜਾਬ ਦੇ ਪਿੰਡਾਂ ਨੂੰ ਮਿਲੇ ਨਵੇਂ ਸਰਪੰਚ, CM ਮਾਨ ਤੇ ਕੇਜਰੀਵਾਲ ਨੇ ਚੁਕਵਾਈ ਸਹੁੰ

Balwinder hali

Breaking- ਮੈਨੇਜਰ ਦੀ ਦਲੇਰੀ ਨਾਲ ਲੁੱਟ ਕਰਨ ਆਏ ਬਦਮਾਸ਼ ਆਪਣੀ ਯੋਜਨਾ ਵਿਚ ਰਹੇ ਅਸਫਲ

punjabdiary

ਯੂਥ ਵੈਲਫੇਅਰ ਫੈਡਰੇਸ਼ਨ ਵਲੋਂ ਮੁਫਤ ਦਿਮਾਗ ਅਤੇ ਰੀੜ ਦੀ ਹੱਡੀ ਦੀ ਬਿਮਾਰੀਆਂ ਦਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ

punjabdiary

Leave a Comment