ਸਾਰੇ ਅਣ-ਸੰਗਠਿਤ ਕਿਰਤੀਆਂ ਨੂੰ ਈਸ਼ਰਮ ਪੋਰਟਲ ਤੇ ਰਜਿਸਟਰਡ ਕਰਨ ਦੀ ਹਦਾਇਤ
ਜ਼ਿਲ੍ਹੇ ਦੇ ਸਾਰੇ ਸੀ.ਐਸ.ਸੀ/ਸੇਵਾ ਕੇਂਦਰਾਂ ਵਿੱਚ ਮੁਫਤ ਰਜਿਸਟਰੇਸ਼ਨ ਦੀ ਸੁਵਿਧਾ
ਫ਼ਰੀਦਕੋਟ, 31 ਮਾਰਚ – ਜ਼ਿਲ੍ਹਾ ਫ਼ਰੀਦਕੋਟ ਦੇ ਅਣ-ਸੰਗਠਿਤ ਸੈਕਟਰ ਦੇ ਕਿਰਤੀਆਂ ਨੂੰ ਈਸ਼ਰਮ ਪੋਰਟਲ ਤੇ ਰਜਿਸਟਰਡ ਕਰਨ ਲਈ ਜ਼ਿਲ੍ਹਾ ਪੱਧਰੀ ਇੰਮਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਸ. ਪਰਮਦੀਪ ਸਿੰਘ ਦੀ ਪ੍ਰਧਾਨਗੀ ਹੇਠ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਹੋਈ। ਇਸ ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਮੈਂਬਰ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ.ਪ੍ਰੀਤ ਮਹਿੰਦਰ ਸਿੰਘ ਸਹੋਤਾ, ਮੈਡਮ ਬਲਜੀਤ ਕੌਰ ਐਸ.ਡੀ.ਐਮ. ਫਰੀਦਕੋਟ, ਡਾ.ਨਿਰਮਲ ਓਸੇਪਚਨ ਐਸ.ਡੀ.ਐਮ ਜੈਤੋ ਵੀ ਹਾਜ਼ਰ ਸਨ। ਇਸ ਮੀਟਿੰਗ ਦਾ ਸੰਚਾਲਨ ਕਰਦੇ ਹੋਏ ਸਹਾਇਕ ਕਿਰਤ ਕਮਿਸ਼ਨਰ ਸ.ਬਲਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਕਿਰਤ ਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ ਵੱਲੋਂ ਈਸ਼ਰਮ ਪੋਰਟਲ ਰਾਹੀ ਗੈਰ-ਸੰਗਠਿਤ ਸੈਕਟਰ ਦੇ ਕਿਰਤੀਆਂ ਨੂੰ ਰਜਿਸਟਰ ਕਰਕੇ ਡਾਟਾ ਤਿਆਰ ਕੀਤਾ ਜਾ ਰਿਹਾ ਹੈ।ਜਿਸ ਦੇ ਤਹਿਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਇਨ੍ਹਾਂ ਕਿਰਤੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਸਕੇ। ਉਨ੍ਹਾਂ ਗੈਰ ਸੰਗਠਿਤ ਕਿਰਤੀਆਂ ਵਿੱਚ ਮਗਨਰੇਗਾ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਉਸਾਰੀ ਕਿਰਤੀ, ਪ੍ਰਵਾਸੀ ਮਜਦੂਰ, ਘਰੇਲੂ ਕਿਰਤੀ, ਖੇਤੀ ਬਾੜੀ ਨਾਲ ਸਬੰਧਤ ਮਜਦੂਰ, ਆਤਮ ਨਿਰਭਰ ਕਿਰਤੀ,ਰੇਹੜੀ ਫੜੀ ਵਾਲੇ, ਛੋਟੇ ਦੁਕਾਨਦਾਰ, ਮਾਲੀ, ਦੋਧੀ ਆਦਿ ਸ਼ਾਮਲ ਹਨ। ਇਨ੍ਹਾਂ ਕਿਰਤੀਆਂ ਦੀ ਰਜਿਸਟਰੇਸ਼ਨ ਜ਼ਿਲ੍ਹੇ ਦੇ ਸਾਰੇ ਸੀ.ਐਸ.ਸੀ ਸੈਂਟਰਾਂ ਅਤੇ ਸੇਵਾ ਕੇਂਦਰਾਂ ਵਿੱਚ ਬਿਨ੍ਹਾਂ ਕਿਸੇ ਫੀਸ ਤੋਂ ਕੀਤੀ ਜਾ ਰਹੀ ਹੈ। ਰਜਿਸਟਰਡ ਹੋਣ ਲਈ ਕਿਰਤੀ ਪਾਸ ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਬੈਂਕ ਅਕਾਊਂਟ ਦੀ ਡਿਟੇਲ ਹੋਣੀ ਜ਼ਰੂਰੀ ਹੈ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਵੱਲੋਂ ਹਾਜ਼ਰ ਸਾਰੇ ਵਿਭਾਗਾਂ ਦੇ ਮੈਂਬਰਾਂ ਨੂੰ ਅਸੰਗਠਿਤ ਖੇਤਰਾਂ ਦੇ ਕਿਰਤੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਈਸ਼ਰਮ ਪੋਰਟਲ ਤੇ ਰਜ਼ਿਸਟਰੇਸ਼ਨ ਸਬੰਧੀ ਕਿਰਤੀਆਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।ਰਜਿਸਟਰ ਹੋਣ ਲਈ ਕਿਰਤੀ www.eshram.gov.in ਤੇ ਲਾਗਇਨ ਕਰਕੇ ਆਪਣੇ ਮੋਬਾਇਲ ਤੋਂ ਖੁਦ ਰਜਿਸਟਰੇਸ਼ਨ ਕਰਵਾ ਸਕਦਾ ਹੈ। ਇਸ ਮੌਕੇ,ਸ੍ਰੀ ਕਰਨ ਬਰਾੜ, ਡੀ.ਐਸ.ਐਸ.ਓ, ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀ ਬਾੜੀ ਅਫਸਰ, ਸ੍ਰੀ ਅਭਿਨਵ ਗੋਇਲ ਬੀ.ਡੀ.ਪੀ.ਓ ਕੋਟਕਪੂਰਾ/ਜੈਤੋ,ਸ੍ਰੀ ਸ਼ਿਵ ਰਾਜ ਕਪੂਰ ਡੀ.ਈ.ਓ(ਐਲੀਮੈਂਟਰੀ), ਡਿਪਟੀ ਡੀ.ਈ.ਓ (ਐਲੀਮੈਂਟਰੀ) ਸ੍ਰੀ ਪਵਨ ਕੁਮਾਰ, ਸ੍ਰੀ ਅਮ੍ਰਿਤ ਲਾਲ, ਈ.ਓ ਫਰੀਦਕੋਟ, ਡਾ. ਵਿਸ਼ਵ ਦੀਪ ਗੋਇਲ, ਸ੍ਰੀ ਰਾਜੀਵ ਸੋਢੀ ਇੰਸਪੈਕਟਰ ਲੇਬਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਸਨ।
ਸਾਰੇ ਅਣ-ਸੰਗਠਿਤ ਕਿਰਤੀਆਂ ਨੂੰ ਈਸ਼ਰਮ ਪੋਰਟਲ ਤੇ ਰਜਿਸਟਰਡ ਕਰਨ ਦੀ ਹਦਾਇਤ
previous post