ਸਿਵਲ ਹਸਪਤਾਲ ਕੋਟਕਪੁਰਾ ਵਿਖੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਦੀ ਸਹੂਲਤ ਮੁੜ ਸ਼ੁਰੂ – ਸਿਵਲ ਸਰਜਨ
– ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਕੀਤੀ ਅਪੀਲ
ਫਰੀਦਕੋਟ, 9 ਅਕਤੂਬਰ (ਪੰਜਾਬ ਡਾਇਰੀ)- ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਨੂੰ ਘਰਾਂ ਦੇ ਨੇੜੇ ਮਿਆਰੀ ਅਤੇ ਮੁਫਤ ਸਿਹਤ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ। ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ ਦੇ ਯਤਨਾਂ ਸਦਕਾ ਅਤੇ ਡਾ. ਹਰਿੰਦਰ ਗਾਂਧੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਕੋਟਕਪੁਰਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਕੋਟਕਪੁਰਾ ਵਿਖੇ ਅੱਖਾਂ ਦੇ ਅਪ੍ਰੇਸ਼ਨਾਂ ਦੀਆਂ ਸੇਵਾਵਾਂ ਨੂੰ ਅੱਜ ਮੁੜ ਸ਼ੁਰੂ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਹਸਪਤਾਲ ਕੋਟਕਪੁਰਾ ਵਿਖੇ ਡਾਕਟਰ ਦੀ ਕਮੀ ਕਾਰਨ ਪਿਛਲੇ ਲੱਗਭਗ ਇੱਕ ਸਾਲ ਤੋਂ ਮਰੀਜਾਂ ਨੂੰ ਅੱਖਾਂ ਦੇ ਅਪ੍ਰੇਸ਼ਨ ਦੀ ਸਹੂਲਤ ਨਹੀਂ ਮਿਲ ਰਹੀ ਸੀ ਇਸ ਲਈ ਉਹਨਾਂ ਨੂੰ ਦੂਰ ਦੁਰਾਡੇ ਜਾਂ ਪ੍ਰਾਈਵੇਟ ਹਸਪਤਲਾਂ ਵਿੱਚ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਸੀ ਪ੍ਰੰਤੂ ਹੁਣ ਅੱਖਾਂ ਦੇ ਮਾਹਰ ਡਾਕਟਰ ਗੁਰਪ੍ਰੀਤ ਕੌਰ ਜਿਹਨਾਂ ਨੂੰ ਸਰਕਾਰ ਵੱਲੋਂ ਚਿੱਟੇ ਮੋਤੀਏ ਦੇ ਵੱਧ ਅਪ੍ਰੇਸ਼ਨ ਕਰਨ ਬਦਲੇ ਸਨਮਾਨਤ ਵੀ ਕੀਤਾ ਗਿਆ ਹੈ ਉਹਨਾਂ ਵੱਲੋਂ ਹਫਤੇ ਦੇ ਹਰ ਸੋਮਵਾਰ ਅਤੇ ਸ਼ੁਕਰਵਾਰ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਕੀਤੇ ਜਾਣਗੇ ਅਤੇ ਇਹ ਸਹੂਲਤ ਬਿਲਕੁੱਲ ਮੁਫਤ ਮਿਲੇਗੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਅੱਖਾਂ ਦੇ ਮਾਹਰ ਡਾ. ਗੁਰਪ੍ਰੀਤ ਕੌਰ ਐਸਐਮਓ ਆਈ ਮੋਬਾਇਲ ਯੂਨਿਟ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਇਹ ਸਹੂਲਤ ਦੁਬਾਰਾ ਸ਼ੁਰੂ ਹੋਣ ਨਾਲ ਹੁਣ ਮਰੀਜਾਂ ਨੂੰ ਸ਼ਹਿਰ ਤੋਂ ਬਾਹਰ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਦੀ ਜਰੂਰਤ ਨਹੀਂ ਪਵੇਗੀ। ਇਸ ਨਾਲ ਕੋਟਕਪੁਰਾ ਸ਼ਹਿਰ ਅਤੇ ਆਸ ਪਾਸ ਦੇ ਕਈ ਪਿੰਡਾਂ ਦੇ ਲੋਕਾਂ ਫਾਇਦਾ ਮਿਲੇਗਾ। ਉਹਨਾਂ ਅਪੀਲ ਕੀਤੀ ਕਿ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।