ਸਿਹਤ ਮੰਤਰੀ ਡਾ.ਬਲਬੀਰ ਸਿੰਘ ਗੁਰਦੁਆਰਾ ਗੁ ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ
– ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਰਹੇ ਮੌਜੂਦ
ਫ਼ਰੀਦਕੋਟ, 22 ਸਤੰਬਰ (ਪੰਜਾਬ ਡਾਇਰੀ)- ਬਾਬਾ ਸ਼ੇਖ ਫਰੀਦ ਜੀ ਦੇ ਆਗਮਨ-ਪੁਰਬ ਨੂੰ ਮੁੱਖ ਰੱਖਦਿਆਂ ਚੱਲ ਰਹੇ ਪੰਜ ਰੋਜ਼ਾ ਮੇਲੇ ਦੌਰਾਨ ਆਪਣੀ ਹਾਜ਼ਰੀ ਭਰਨ ਲਈ ਸਿਹਤ ਮੰਤਰੀ, ਪੰਜਾਬ- ਡਾ.ਬਲਬੀਰ ਸਿੰਘ ਗੁਰਦੁਆਰਾ ਗੁ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਏ। ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ ਗੁਰਇੰਦਰ ਮੋਹਨ ਸਿੰਘ ਨੇ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ । ਇਸ ਮੌਕੇ ਉਹਨਾਂ ਨਾਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਹਾਜ਼ਰ ਸਨ ।
ਇਸ ਤੋਂ ਇਲਾਵਾ ਬਰਾੜ ਹਸਪਤਾਲ, ਕੋਟਕਪੂਰਾ ਦੇ ਅੱਖਾ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਪੀ. ਐੱਸ. ਬਰਾੜ ਵੀ ਮੌਜੂਦ ਸਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ ਗੁਰਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਆਗਮਨ-ਪੁਰਬ ਨੂੰ ਮੁੱਖ ਰੱਖਦਿਆਂ ਇਨ੍ਹਾਂ ਉੱਘੀਆਂ ਹਸਤੀਆਂ ਬਾਬਾ ਫ਼ਰੀਦ ਜੀ ਦੀ ਚਰਨ-ਛੋਹ ਪ੍ਰਾਪਤ ਨਗਰੀ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੀਆਂ ਸਨ । ਉਪਰੰਤ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਾਬਾ ਸ਼ੇਖ ਫ਼ਰੀਦ ਜੀ ਦੀ ਇਸ ਪਾਵਨ ਦਰਗਾਹ ਉੱਤੇ ਆ ਕੇ ਬੇਹੱਦ ਸਕੂਨ ਅਤੇ ਤਸੱਲੀ ਦਾ ਅਹਿਸਾਸ ਹੋਇਆ ਹੈ। ਉਹ ਆਪਣੇ-ਆਪ ਨੂੰ ਵਡਭਾਗੀ ਸਮਝਦੇ ਹਨ । ਡਾ. ਗੁਰਇੰਦਰ ਮੋਹਨ ਸਿੰਘ ਜੀ ਨੇ ਅਤੇ ਸ. ਗੁਰਜਾਪ ਸਿੰਘ ਸੇਖੋ ਜੀ ਨੇ ਸਮੂਹ ਸਖਸ਼ੀਅਤਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।